7 ਮਾਰਚ 2025 Aj Di Awaaj
ਚੰਡੀਗੜ੍ਹ ਪੁਲਿਸ ਨੇ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਨੋਦ ਸਹਿਵਾਗ ਨੂੰ ਮਨੀਮਾਜਰਾ ਪੁਲਿਸ ਟੀਮ ਨੇ ਚੈੱਕ ਬਾਊਂਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ। ਹਾਲਾਂਕਿ, ਪੁਲਿਸ ਨੇ ਉਸ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਵਿਨੋਦ ਸਹਿਵਾਗ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ 10 ਮਾਰਚ ਨੂੰ ਹੋਵੇਗਾ। ਵਿਨੋਦ ਸਹਿਵਾਗ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ 7 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਦੀ ਜਾਂਚ ਹੋ ਰਹੀ ਹੈ। ਇਹ ਮਾਮਲਾ ਬੱਦੀ ਦੀ ਕੰਪਨੀ ਸ਼੍ਰੀ ਨੈਨਾ ਪਲਾਸਟਿਕ ਵੱਲੋਂ ਦਿੱਲੀ ਦੀ ਜਲਤਾ ਫੂਡ ਐਂਡ ਬੇਵਰੇਜਸ ਅਤੇ ਇਸ ਦੇ ਤਿੰਨ ਡਾਇਰੈਕਟਰਾਂ ਵਿਨੋਦ ਸਹਿਵਾਗ, ਵਿਸ਼ਨੂੰ ਮਿੱਤਲ ਅਤੇ ਸੁਧੀਰ ਮਲਹੋਤਰਾ ਦੇ ਖਿਲਾਫ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਹੇਠਲੀ ਅਦਾਲਤ ਨੇ ਵਿਨੋਦ ਸਹਿਵਾਗ ਅਤੇ ਹੋਰ ਡਾਇਰੈਕਟਰਾਂ ਨੂੰ ਮੁਲਜ਼ਮ ਵਜੋਂ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਵਿਨੋਦ ਸਹਿਵਾਗ ਨੇ ਇਸ ਫੈਸਲੇ ਨੂੰ ਚੈਲੰਜ ਕਰਦੇ ਹੋਏ ਸੈਸ਼ਨ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਉਸਨੇ ਕਿਹਾ ਕਿ ਉਹ ਕੰਪਨੀ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨਹੀਂ ਰੱਖਦਾ।
