ਸ਼ਹਿਨਾਜ਼ ਗਿੱਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ, ਫਿਲਮ ‘ਇੱਕ ਕੁੜੀ’ ਲਈ ਅਰਦਾਸ

35

ਅੰਮ੍ਰਿਤਸਰ:28 Oct 2025 AJ DI Awaaj

Punjab Desk : ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੀ ਆਉਣ ਵਾਲੀ ਫਿਲਮ ‘ਇੱਕ ਕੁੜੀ’ ਦੀ ਰਿਲੀਜ਼ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ। ਫਿਲਮ ਦੀ ਸਟਾਰਕਾਸਟ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਨੇ ਕਿਹਾ, “ਅਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਆਏ ਹਾਂ ਤਾਂ ਜੋ ਆਪਣੀ ਫਿਲਮ ਲਈ ਵਾਹਿਗੁਰੂ ਦੀ ਬਲੈਸਿੰਗ ਲੈ ਸਕੀਏ। ਸਾਡੀ ਫਿਲਮ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸੁਪਰ ਹਿੱਟ ਸਾਬਤ ਹੋਵੇ।”

ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਪਿਆਰ ਕਰਨ ਵਾਲੇ ਹਨ। “ਪਹਿਲਾਂ ਮੈਂ ਇੱਥੇ ਆਈ ਸੀ, ਹੁਣ ਮੇਰਾ ਭਰਾ ਵੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਦਮ ਰੱਖ ਰਿਹਾ ਹੈ। ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਸਨੂੰ ਪਿਆਰ ਅਤੇ ਸਪੋਰਟ ਦਿਓ — ਉਹ ਆਪਣੇ ਘਰ ਦਾ ਹੀ ਬੰਦਾ ਹੈ,” ਸ਼ਹਿਨਾਜ਼ ਨੇ ਕਿਹਾ।

ਫਿਲਮ ਬਾਰੇ ਗੱਲ ਕਰਦਿਆਂ ਸ਼ਹਿਨਾਜ਼ ਨੇ ਦੱਸਿਆ ਕਿ ‘ਇੱਕ ਕੁੜੀ’ ਦੀ ਕਹਾਣੀ 1950 ਤੋਂ 2025 ਤੱਕ ਦੇ ਦੌਰ ਨੂੰ ਦਰਸਾਉਂਦੀ ਹੈ। “ਫਿਲਮ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਹੈ। ਇਹ ਚੰਡੀਗੜ੍ਹ ਵਿੱਚ ਸ਼ੂਟ ਕੀਤੀ ਗਈ ਹੈ ਅਤੇ ਦਰਸ਼ਕਾਂ ਨੂੰ ਇੱਕ ਇਮੋਸ਼ਨਲ ਯਾਤਰਾ ‘ਤੇ ਲੈ ਜਾਵੇਗੀ,” ਉਹਨਾਂ ਕਿਹਾ।

ਪਹਿਲਾਂ ਇਹ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਕੁਝ ਹਾਲਾਤਾਂ ਕਾਰਨ ਹੁਣ ਇਸਦੀ ਤਾਰੀਖ 31 ਅਕਤੂਬਰ ਕਰ ਦਿੱਤੀ ਗਈ ਹੈ।

ਅੰਤ ਵਿੱਚ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਇਸ ਪ੍ਰੋਜੈਕਟ ਵਿੱਚ ਦਿਲੋਂ ਮਿਹਨਤ ਕੀਤੀ ਹੈ। “ਸਾਡੀ ਪੂਰੀ ਟੀਮ ਨੇ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਨੂੰ ਨਵੀਂ ਉਚਾਈਆਂ ਤੱਕ ਲਿਜਾਣ ਦਾ ਜਤਨ ਕੀਤਾ ਹੈ,” ਉਹਨਾਂ ਜੋੜਿਆ।