ਡਿਊਟੀ ਤੋਂ ਗੈਰਹਾਜ਼ਰ 68 ਡਾਕਟਰਾਂ ਦੀਆਂ ਸੇਵਾਵਾਂ ਖਤਮ, ਸਿਹਤ ਵਿਭਾਗ ਵੱਲੋਂ ਸਖ਼ਤ ਕਾਰਵਾਈ

64

ਹਰਿਆਣਾ 30 Oct 2025 AJ DI Awaaj


Health Desk : ਹਰਿਆਣਾ ਸਰਕਾਰ ਨੇ ਡਿਊਟੀ ਤੋਂ ਲੰਬੇ ਸਮੇਂ ਤੋਂ ਗੈਰਹਾਜ਼ਰ ਰਹਿਣ ਵਾਲੇ ਡਾਕਟਰਾਂ ਵਿਰੁੱਧ ਸਖ਼ਤ ਕਦਮ ਚੁੱਕਦਿਆਂ 68 ਡਾਕਟਰਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਹ ਸਾਰੇ ਡਾਕਟਰ ਆਪਣੀ ਨਿਯੁਕਤੀ ਤੋਂ ਕੁਝ ਸਮੇਂ ਬਾਅਦ ਹੀ ਬਿਨਾਂ ਸੂਚਨਾ ਡਿਊਟੀ ਤੋਂ ਗਾਇਬ ਹੋ ਗਏ ਸਨ।

ਸਿਹਤ ਵਿਭਾਗ ਵੱਲੋਂ ਕਈ ਵਾਰ ਇਨ੍ਹਾਂ ਨਾਲ ਸੰਪਰਕ ਕਰਨ ਅਤੇ ਪੱਤਰ ਭੇਜਣ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਨੇ ਹੁਕਮ ਜਾਰੀ ਕਰਕੇ ਸੇਵਾਵਾਂ ਖਤਮ ਕਰਨ ਦਾ ਫੈਸਲਾ ਲਿਆ।

ਜਿਨ੍ਹਾਂ ਡਾਕਟਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਉਹ 2017 ਤੋਂ 2024 ਤੱਕ ਵੱਖ-ਵੱਖ ਸਾਲਾਂ ਤੋਂ ਡਿਊਟੀ ਤੋਂ ਗੈਰਹਾਜ਼ਰ ਸਨ — 2017 ਤੋਂ ਇੱਕ, 2018 ਤੋਂ ਦੱਸ, 2019 ਤੋਂ ਦੋ, 2020 ਤੋਂ ਦੱਸ, 2021 ਤੋਂ ਅੱਠ, 2022 ਤੋਂ 16, 2023 ਤੋਂ 17 ਅਤੇ 2024 ਤੋਂ ਚਾਰ ਡਾਕਟਰ।

ਇਨ੍ਹਾਂ ਡਾਕਟਰਾਂ ਦੀ ਗੈਰਹਾਜ਼ਰੀ ਕਾਰਨ ਕਈ ਸਿਹਤ ਕੇਂਦਰਾਂ ਵਿੱਚ ਕੰਮ ਪ੍ਰਭਾਵਿਤ ਹੋ ਰਿਹਾ ਸੀ ਅਤੇ ਨਵੀਆਂ ਨਿਯੁਕਤੀਆਂ ਰੁਕੀਆਂ ਪਈਆਂ ਸਨ। ਹੁਣ ਇਨ੍ਹਾਂ ਦੀ ਥਾਂ ਨਵੇਂ ਡਾਕਟਰ ਭਰਤੀ ਕੀਤੇ ਜਾਣਗੇ, ਜਿਸ ਲਈ ਜਲਦੀ ਹੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਸਿਹਤ ਵਿਭਾਗ ਨੇ ਇਹ ਕਾਰਵਾਈ ਸਿਵਲ ਮੈਡੀਕਲ ਸੇਵਾਵਾਂ (ਸ਼੍ਰੇਣੀ-1) ਨਿਯਮ 2014 ਦੇ ਨਿਯਮ 10 ਤਹਿਤ ਕੀਤੀ ਹੈ।