ਕੀਰਤਪੁਰ ਸਾਹਿਬ 24 ਜਨਵਰੀ 2026 AJ DI Awaaj
Punjab Desk : ਡਾਕਟਰ ਨਵਰੂਪ ਕੌਰ ਕਾਰਜਕਾਰੀ ਸਿਵਲ ਸਰਜਨ ਰੂਪਨਗਰ ਦੇ ਹੁਕਮਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਰਜੀਤ ਸਿੰਘ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਵੀ ਬਲਾਕ ਕੀਰਤਪੁਰ ਸਾਹਿਬ ਅਧੀਨ ਵੱਖ ਵੱਖ ਸਿਹਤ ਕੇਂਦਰਾਂ ਦਾ ਅਚਨਚੇਤ ਦੌਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਰਜੀਤ ਸਿੰਘ ਵੱਲੋਂ ਅੱਜ ਆਮ ਆਦਮੀ ਕਲੀਨਿਕ ਬਰਾਰੀ, ਮਿੰਨੀ ਪੀ.ਐੱਚ.ਸੀ ਕਥੇੜਾ, ਆਯੁਸ਼ਮਾਨ ਅਰੋਗਿਆ ਕੇਂਦਰ ਕਥੇੜਾ ਅਤੇ ਨਿੱਕੂ ਨੰਗਲ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਸਿਹਤ ਕੇਂਦਰਾਂ ਵਿੱਚ ਕੰਮ ਕਰਦੇ ਸਟਾਫ਼ ਦੀ ਹਾਜ਼ਰੀ, ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਦਵਾਈਆਂ ਦੀ ਉਪਲੱਬਧਤਾ ਅਤੇ ਸਾਫ਼-ਸਫ਼ਾਈ ਸਮੇਤ ਵੱਖ ਵੱਖ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਐਨਕਿਊਏਐਸ ਮੁਤਾਬਿਕ ਸਾਰਾ ਰਿਕਾਰਡ ਸਹੀ ਰੱਖਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੌਰੇ ਦਾ ਮੁੱਖ ਉਦੇਸ਼ ਸਰਕਾਰੀ ਸਿਹਤ ਸਹੂਲਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਹੈ।
ਮੈਡੀਕਲ ਅਫ਼ਸਰ ਡਾ.ਅਨੂ ਸ਼ਰਮਾ ਨੇ ਦੱਸਿਆ ਕਿ ਅਚਨਚੇਤ ਨਿਰੀਖਣ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਸਿਹਤ ਕਰਮਚਾਰੀਆਂ ਨੂੰ ਮਰੀਜ਼ਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਦਾ ਪੂਰਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਦੀ ਹਦਾਇਤ ਕੀਤੀ ਗਈ। ਡਾ.ਅਨੂ ਸ਼ਰਮਾ ਨੇ ਦੱਸਿਆ ਕਿ ਉਹਨਾਂ ਮਮਤਾ ਦਿਵਸ ਮੌਕੇ ਲੱਗੇ ਕੈਂਪ ਵਿਚ ਟੀਕਾਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਗਰਭਵਤੀ ਔਰਤਾਂ ਤੇ ਨਿੱਕੇ ਬੱਚਿਆਂ ਦੀਆਂ ਮਾਵਾਂ ਨਾਲ ਗੱਲਬਾਤ ਕਰਕੇ ਕੈਂਪ ਵਿਚ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਉਹਨਾਂ ਦੀ ਪ੍ਰਤੀਕਿਰਿਆ ਵੀ ਲਈ।
ਇਸ ਮੌਕੇ ਬੀ.ਈ.ਈ ਰਤਿਕਾ ਓਬਰਾਏ, ਏ.ਐੱਮ.ਓ ਡਾ.ਨਿਸ਼ਚਲ ਸ਼ਰਮਾ, ਮੈਡੀਕਲ ਅਫ਼ਸਰ ਡਾ.ਦਿਨੇਸ਼, ਐੱਸ.ਆਈ ਗੁਰਿੰਦਰ ਸਿੰਘ, ਫਾਰਮੇਸੀ ਅਫ਼ਸਰ ਸੁਰਿੰਦਰ ਮੋਹਨ, ਨਿਤਿਨ ਬਾਲੀ, ਸ਼ਿਵਾਨੀ ਅਤੇ ਮਾਨਸੀ, ਐੱਮ.ਐੱਲ.ਟੀ ਸਾਕਸ਼ੀ, ਸੀ.ਓ ਭਰਤ ਕਪੂਰ, ਸੀ.ਐੱਚ.ਓ ਅੰਜਨਾ ਅਤੇ ਮਨਪ੍ਰੀਤ ਕੌਰ, ਏ.ਐੱਨ.ਐੱਮ ਕਮਲਜੀਤ ਕੌਰ, ਬਲਜਿੰਦਰ ਕੌਰ, ਰਜਨੀ ਦੇਵੀ, ਬਲਵਿੰਦਰ ਕੌਰ, ਅਜੈ ਛਿੱਬੜ, ਰਾਜਿੰਦਰ ਸਿੰਘ ਅਤੇ ਆਸ਼ਾ ਵਰਕਰ ਹਾਜ਼ਰ ਸਨ।














