ਸੰਗਰੂਰ, 17 ਸਤੰਬਰ 2025 AJ DI Awaaj
Punjab Desk – ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ (VBYLD-2026) ਦਾ ਦੂਜਾ ਸੰਸਕਰਣ ਐਲਾਨਿਆ ਹੈ। ਇਹ ਇੱਕ ਮਹੱਤਵਪੂਰਨ ਪਲੇਟਫਾਰਮ ਹੈ, ਜਿਸ ‘ਤੇ ਦੇਸ਼ ਦੇ ਨੌਜਵਾਨ (ਉਮਰ 15–29 ਸਾਲ) ਸਿੱਧੇ ਹੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਸਕਣਗੇ।
ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਯੂਥ ਅਫ਼ਸਰ ਸ੍ਰੀ ਰਾਜੀਵ ਸੈਣੀ ਨੇ ਦੱਸਿਆ ਕਿ ਪਹਿਲੇ ਸੰਸਕਰਣ ਦੀ ਬੇਹੱਦ ਸਫਲਤਾ ਤੋਂ ਬਾਅਦ, ਜਿਸ ਵਿੱਚ 30 ਲੱਖ ਤੋਂ ਵੱਧ ਨੌਜਵਾਨ ਸ਼ਾਮਲ ਹੋਏ, 2026 ਦਾ ਸੰਸਕਰਣ ਨਵੇਂ ਟਰੈਕਾਂ ਜਿਵੇਂ ਕਿ ‘ਡਿਜ਼ਾਈਨ ਫ਼ਾਰ ਭਾਰਤ’ ਅਤੇ ‘ ਟੈੱਕ ਫ਼ਾਰ ਵਿਕਸਿਤ ਭਾਰਤ – ਹੈਕ ਫ਼ਾਰ ਏ ਸੋਸ਼ਲ ਕੌਜ਼’ ਨਾਲ ਹੋਰ ਵੀ ਵਿਸ਼ੇਸ਼ ਹੋਵੇਗਾ। ਇਸ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਯੁਵਕ ਵੀ ਭਾਗ ਲੈਣਗੇ। ਕਵਿਜ਼, ਲੇਖ, ਪੀ ਪੀ ਟੀ ਚੈਲੇਂਜ ਅਤੇ ਸੱਭਿਆਚਾਰਕ ਮੁਕਾਬਲਿਆਂ ਦੀ ਲੜੀ ਤੋਂ ਬਾਅਦ ਇਸਦਾ ਗ੍ਰੈਂਡ ਫਾਈਨਲ ਦਿੱਲੀ ਵਿੱਚ 10–12 ਜਨਵਰੀ 2026 ਨੂੰ ਹੋਵੇਗਾ, ਜਿਸ ਵਿੱਚ 3,000 ਨੌਜਵਾਨ ਨੇਤਾ ਇਕੱਠੇ ਹੋਣਗੇ।
ਉਹਨਾਂ ਕਿਹਾ ਕਿ ਰਜਿਸਟ੍ਰੇਸ਼ਨ ਮਾਈ ਭਾਰਤ (mybharat.gov.in) ਪੋਰਟਲ ‘ਤੇ ਖੁੱਲ੍ਹੀ ਹੋਈ ਹੈ।ਕਵਿਜ਼ ਰਾਊਂਡ ਲਈ ਆਖਰੀ ਮਿਤੀ 15 ਅਕਤੂਬਰ 2025 ਹੈ। ਉਹਨਾਂ ਕਿਹਾ ਕਿ ਹੋਰ ਜਾਣਕਾਰੀ ਜਾਂ ਸਹਾਇਤਾ ਲਈ ਇਸ ਦਫ਼ਤਰ ਨਾਲ ਸੰਪਰਕ (8279508167) ਜਾਂ ਈਮੇਲ yc.nyk.sgr@gmail.com ਰਾਹੀਂ ਕੀਤਾ ਜਾ ਸਕਦਾ ਹੈ।
