ਐਸ.ਡੀ.ਐਮ. ਲਹਿਰਾ ਤੇ ਮੂਨਕ ਰਾਕੇਸ਼ ਪ੍ਰਕਾਸ਼ ਗਰਗ ਅਹੁਦਿਆਂ ਸੰਭਾਲਦਿਆਂ ਹੀ ਐਕਸ਼ਨ ’ਚ

54

ਲਹਿਰਾ/ਮੂਨਕ, 2 ਦਸੰਬਰ 2025 AJ DI Awaaj

Punjab Desk : ਸੰਗਰੂਰ ਦੀਆਂ ਸਬ-ਡਵੀਜ਼ਨਾਂ ਲਹਿਰਾਗਾਗਾ ਤੇ ਮੂਨਕ ਦੇ ਨਵ ਨਿਯੁਕਤ ਐਸ.ਡੀ.ਐਮ. ਰਾਕੇਸ਼ ਪ੍ਰਕਾਸ਼ ਗਰਗ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਲੋਕਾਂ ਨੂੰ ਸਮੇਂ ਸਿਰ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸਬ ਡਵੀਜ਼ਨ ਦੇ ਦਫ਼ਤਰਾਂ ਤੇ ਸਕੂਲਾਂ ਦੇ ਅਚਨਚੇਤ ਦੌਰੇ ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਮਿਲ ਸਕੇ।

ਐਸ.ਡੀ.ਐਮ ਰਾਕੇਸ਼ ਪ੍ਰਕਾਸ਼ ਗਰਗ ਵੱਲੋਂ ਅੱਜ ਸਬ ਡਵੀਜ਼ਨ ਮੂਨਕ ਦੇ ਪਟਵਾਰਖ਼ਾਨੇ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਗੈਰ ਹਾਜ਼ਰ ਸਟਾਫ਼ ਨੂੰ ਤਾੜਨਾ ਕਰਦਿਆਂ ਕਿਹਾ ਕਿ ਫ਼ੀਲਡ ਵਿੱਚ ਜਾਣ ਸਮੇਂ ਮੂਵਮੈਂਟ ਰਜਿਸਟਰ ਵਿੱਚ ਜਾਣ ਦਾ ਸਮਾਂ ਦਰਜ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਫ਼ੀਲਡ ਸਟਾਫ਼ ਨਿਰਧਾਰਤ ਕੀਤੇ ਦਿਨਾਂ ਵਿੱਚ ਹੀ ਫ਼ੀਲਡ ਦੇ ਦੌਰੇ ਕਰਨ, ਤਾਂ ਕਿ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਲੰਬਿਤ ਚੱਲੇ ਆ ਰਹੇ ਤਕਸੀਮ, ਇੰਤਕਾਲ, ਪੈਮਾਇਸ਼, ਜਮ੍ਹਾਬੰਦੀ ਦੇ ਕੇਸਾਂ ਦਾ ਨਿਪਟਾਰਾ ਸਮਾਂਬੱਧ ਕਰਨ ਦੀ ਹਦਾਇਤ ਕੀਤੀ।

ਸ੍ਰੀ ਰਾਕੇਸ਼ ਪ੍ਰਕਾਸ਼ ਗਰਗ ਨੇ ਸਬ ਡਵੀਜ਼ਨ ਲਹਿਰਾ ਵਿਖੇ ਹਾਈ ਸਕੂਲ ਚੋਟੀਆਂ ਦਾ ਅਚਨਚੇਤ ਦੌਰਾ ਕਰਕੇ ਬੱਚਿਆਂ ਦੇ ਸਿੱਖਿਆ ਪ੍ਰਬੰਧਾਂ ਅਤੇ ਮਿਡ ਡੇ ਮੀਲ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਸਕੂਲ ਦੇ ਮਿਡ ਡੇਅ ਮੀਲ ਦੀ ਜਾਂਚ ਵੀ ਕੀਤੀ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਪੌਸ਼ਟਿਕ ਭੋਜਨ ਰੋਜ਼ਾਨਾ ਮੁਹੱਈਆ ਕਰਵਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੌਸ਼ਟਿਕ ਆਹਾਰ ਲਈ ਜਾਗਰੂਕ ਕਰਨ ਲਈ ਵੀ ਕਿਹਾ ਤਾਂ ਜੋ ਬੱਚਿਆ ਦਾ ਸੰਤੁਲਿਤ ਵਿਕਾਸ ਸੰਭਵ ਹੋ ਸਕੇ।

ਐਸ.ਡੀ.ਐਮ. ਰਾਕੇਸ਼ ਪ੍ਰਕਾਸ਼ ਗਰਗ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਵੀ ਦਫ਼ਤਰਾਂ ਦੇ ਹੋਰ ਸਿੱਖਿਆ ਸੰਸਥਾਵਾਂ ਦੇ ਅਚਨਚੇਤ ਦੌਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਲੋਕਾਂ ਦੀ ਬੇਲੋੜੀ ਖੱਜਲ ਖ਼ੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਧਿਕਾਰੀ ਜਾ ਕਰਮਚਾਰੀ ਕੰਮ ਵਿੱਚ ਕੁਤਾਹੀ ਵਰਤੇਗਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।