ਐੱਸ ਡੀ ਐੱਮ ਅਤੇ ਡੀ ਐੱਸ ਪੀ ਵੱਲੋਂ ਸੁਨਾਮ ਵਿੱਚੋਂ ਲੰਘਦੀ ਸਰਹਿੰਦ ਚੋਅ ਦੀ ਸਥਿਤੀ ਦਾ ਜਾਇਜ਼ਾ

38

ਸੁਨਾਮ, 26 ਅਗਸਤ 2025 AJ DI Awaaj

Punjab Desk : ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਸੂਬੇ ਦੀਆਂ ਨਦੀਆਂ, ਨਹਿਰਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ, ਜੋ ਕਿ ਹੁਣ ਕਾਬੂ ਹੇਠ ਹੈ। ਪਿਛਲੇ ਦਿਨੀਂ ਸਥਾਨਕ ਸਰਹਿੰਦ ਚੋਅ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਪਰ ਹੁਣ ਇਹ ਬਹੁਤ ਘੱਟ ਗਿਆ ਹੈ। ਸੁਨਾਮ ਦੇ ਐੱਸ ਡੀ ਐੱਮ ਸ਼੍ਰੀ ਪ੍ਰਮੋਦ ਸਿੰਗਲਾ ਅਤੇ ਡੀ ਐੱਸ ਪੀ ਸ੍ਰ ਹਰਵਿੰਦਰ ਸਿੰਘ ਖਹਿਰਾ ਨੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਅੱਜ ਇਸ ਚੋਅ ਸਮੇਤ ਹੋਰ ਇਲਾਕਿਆਂ ਦਾ ਦੌਰਾ ਕੀਤਾ।

ਗੱਲਬਾਤ ਕਰਦਿਆਂ ਐੱਸ ਡੀ ਐੱਮ ਸ਼੍ਰੀ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਸੂਬੇ ਦੇ ਜਲ ਸਰੋਤਾਂ ਵਿੱਚ ਬੀਤੇ ਦਿਨੀਂ 300 ਕਿਊਸਕ ਪਾਣੀ ਛੱਡਿਆ ਗਿਆ ਸੀ, ਜਿਸ ਕਰਕੇ ਹੀ ਪਾਣੀ ਦਾ ਪੱਧਰ ਵਧ ਗਿਆ ਸੀ। ਪਰ ਹੁਣ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਹੁਣ ਪਾਣੀ ਦਾ ਪੱਧਰ ਸੁਨਾਮ ਵਿੱਚੋਂ ਲੰਘਦੀ ਸਰਹਿੰਦ ਚੋਅ ਅਤੇ ਹੋਰ ਨਹਿਰਾਂ ਤੇ ਨਾਲਿਆਂ ਵਿੱਚੋਂ ਲਗਾਤਾਰ ਘਟਣ ਲੱਗਾ ਹੈ। ਅਗਲੇ ਦਿਨਾਂ ਦੌਰਾਨ ਵੀ ਇਸ ਚੋਅ ਵਿੱਚ ਪਾਣੀ ਵਧਣ ਦਾ ਖਦਸ਼ਾ ਨਹੀਂ ਹੈ।

ਉਹਨਾਂ ਕਿਹਾ ਕਿ ਪਾਣੀ ਦੇ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ। ਮੌਨਸੂਨ ਤੋਂ ਪਹਿਲਾਂ ਸਾਰੀਆਂ ਨਹਿਰਾਂ ਅਤੇ ਨਾਲਿਆਂ ਦੀ ਮੁਕੰਮਲ ਸਫ਼ਾਈ ਆਦਿ ਕਰਵਾਈ ਗਈ ਸੀ। ਉਹਨਾਂ ਕਿਹਾ ਕਿ ਵੈਸੇ ਤਾਂ ਕਿਸੇ ਖਤਰੇ ਦਾ ਖ਼ਦਸ਼ਾ ਨਹੀਂ ਹੈ ਪਰ ਫਿਰ ਵੀ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ ਅਤੇ ਪ੍ਰਸ਼ਾਸ਼ਨ ਉੱਤੇ ਵਿਸ਼ਵਾਸ਼ ਰੱਖਣ।

ਇਸ ਮੌਕੇ ਹਾਜ਼ਰ ਡੀ ਐੱਸ ਪੀ ਸ੍ਰ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਕਿਸੇ ਵੀ ਸਥਿਤੀ ਦਾ ਮੁਕਾਬਲਾ ਕਰਨ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਐੱਸ ਡੀ ਓ ਡਰੇਨੇਜ਼ ਸ੍ਰ ਪ੍ਰੀਤ ਇੰਦਰ ਸਿੰਘ, ਸ਼੍ਰੀ ਜਤਿੰਦਰ ਜੈਨ ਮੀਡੀਆ ਸਲਾਹਕਾਰ ਅਮਨ ਅਰੋੜਾ ਕੈਬਨਿਟ ਮੰਤਰੀ, ਸ਼੍ਰੀ ਸੰਜੀਵ ਸੰਜੂ ਨਿੱਜੀ ਸਹਾਇਕ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਹੋਰ ਵੀ ਹਾਜ਼ਰ ਸਨ।