ਅਮਰਗੜ੍ਹ , 18 ਸਤੰਬਰ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਵਿੱਚ ਉਪ-ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.) ਅਮਰਗੜ੍ਹ ਸੁਰਿੰਦਰ ਕੌਰ ਨੇ ਅੱਜ ਸਬ ਡਵੀਜ਼ਨ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਨੂੰ ਜਾਗਰੂਕ ਕਰਨ ਦਾ ਉਦੇਸ਼ ਹਾਸਲ ਕੀਤਾ।
ਐਸ.ਡੀ.ਐਮ. ਸੁਰਿੰਦਰ ਕੌਰ ਨੇ ਪਿੰਡ ਦੋਲਤਪੁਰ ਵਿਖੇ ਨੁੱਕੜ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਸਮਝਾਇਆ ਕਿ ਪਰਾਲੀ ਸਾੜਨਾ ਨਾ ਸਿਰਫ ਵਾਤਾਵਰਣ ਲਈ ਹਾਨੀਕਾਰਕ ਹੈ, ਸਗੋਂ ਧਰਤੀ ਦੀ ਉਪਜਾਊ ਤਾਕਤ ਨੂੰ ਵੀ ਘਟਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਹਿੰਦ ਖੂੰਹਦ ਨੂੰ ਮਿੱਟੀ ਵਿੱਚ ਹੀ ਰਲਾ ਦਿੱਤਾ ਜਾਵੇ ਤਾਂ ਕਣਕ ਦੀ ਬਿਜਾਈ ਲਈ ਖੇਤ ਹੋਰ ਉਰਵਰ ਹੋ ਜਾਂਦੇ ਹਨ ਅਤੇ ਖਾਦਾਂ ਦੀ ਲੋੜ ਘਟਦੀ ਹੈ।
ਇਸ ਤੋਂ ਇਲਾਵਾ, ਵਾਪਸੀ ਮੌਕੇ ਐਸ.ਡੀ.ਐਮ. ਸੁਰਿੰਦਰ ਕੌਰ ਨੇ ਤਹਿਸੀਲਦਾਰ ਲਵਪ੍ਰੀਤ ਸਿੰਘ ਅਤੇ ਸੁਪਰਡੈਂਟ ਧਰਮ ਸਿੰਘ ਅਤੇ ਹੋਰ ਪਿੰਡ ਨਿਵਾਸੀਆਂ ਨਾਲ ਮਿਲ ਕੇ ਪਿੰਡ ਮੁਹੰਮਦਪੁਰਾ ਵਿਖੇ ਇੱਕ ਖੇਤ ਵਿੱਚ ਪਰਾਲੀ(ਲੂਜ ਸਟਰਾਅ) ਨੂੰ ਲੱਗੀ ਅੱਗ ਬੁਝਾਈ। ਇਹ ਕਦਮ ਕਿਸਾਨਾਂ ਲਈ ਇਕ ਜ਼ਿੰਦਾ ਮਿਸਾਲ ਬਣਿਆ ਅਤੇ ਉਨ੍ਹਾਂ ਨੂੰ ਇਹ ਸੰਦੇਸ਼ ਦਿੱਤਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਕੋਈ ਖੁਦ ਤੋਂ ਸ਼ੁਰੂਆਤ ਕਰੇ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਲਈ ਵੱਖ-ਵੱਖ ਤਕਨੀਕਾਂ ਅਤੇ ਸਕੀਮਾਂ ਉਪਲਬਧ ਹਨ, ਜਿਵੇ ਕਿ ਹੈਪੀ ਸੀਡਰ, ਸੁਪਰ-ਐਸ.ਐਮ.ਐਸ. ਅਤੇ ਹੋਰ ਮਸ਼ੀਨਰੀ, ਜਿਨ੍ਹਾਂ ਦੀ ਵਰਤੋਂ ਨਾਲ ਰਹਿੰਦ ਖੂਹਦ ਦਾ ਸੰਭਾਲ ਕੀਤਾ ਜਾ ਸਕਦਾ ਹੈ। ਐਸ.ਡੀ.ਐਮ. ਨੇ ਕਿਸਾਨਾਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਐਸ.ਡੀ.ਐਮ. ਸੁਰਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਪਰਾਲੀ ਸਾੜਨਾ ਨਾ ਸਿਰਫ਼ ਸਿਹਤ ਲਈ ਹਾਨੀਕਾਰਕ ਹੈ, ਸਗੋਂ ਇਹ ਸਿੱਧੇ ਤੌਰ ’ਤੇ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਵੀ ਹੈ। ਇਸ ਲਈ ਹਰ ਕਿਸਾਨ ਦਾ ਫ਼ਰਜ਼ ਹੈ ਕਿ ਉਹ ਵਾਤਾਵਰਣ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਏ।
ਐਸ.ਡੀ.ਐਮ. ਸੁਰਿੰਦਰ ਕੌਰ ਨੇ ਕਿਹਾ ਜੇਕਰ ਅਸੀਂ ਪਰਾਲੀ ਸਾੜਨ ਦੀ ਬਜਾਏ ਇਸਨੂੰ ਖੇਤਾਂ ਦੀ ਖੁਰਾਕ ਬਣਾ ਲਈਏ ਤਾਂ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡਾ ਤੋਹਫ਼ਾ ਹੋਵੇਗਾ। ਵਾਤਾਵਰਣ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਵਿੱਚ ਕਿਸਾਨ ਸਭ ਤੋਂ ਅਹਿਮ ਭੂਮਿਕਾ ਨਿਭਾ ਸਕਦੇ ਹਨ।”
