ਕੀਰਤਪੁਰ ਸਾਹਿਬ 20 ਮਈ 2025 AjDi Awaaj
2018 ਬੈਚ ਦੇ ਆਈ.ਏ.ਐਸ ਸ੍ਰੀ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਸਕੂਲ ਆਂਫ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ ਬਣਕੇ ਸਾਹਮਣੇ ਆਏ। ਵੱਡੇ ਮੁਕਾਮ ਹਾਸਲ ਦੇ ਚਾਹਵਾਨ ਵਿਦਿਆਰਥੀਆਂ ਨੇ ਆਪਣੇ ਮਨ ਦੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਵਰਜੀਤ ਵਾਲੀਆ ਤੋਂ ਸਫ਼ਲਤਾ ਦੀਆਂ ਬਰੀਕੀਆਂ ਸਿੱਖੀਆਂ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ।
ਰੂਪਨਗਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਤੈਨਾਤ ਵਰਜੀਤ ਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ ‘ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਵਰਜੀਤ ਵਾਲੀਆ ਨੇ ਕਿਹਾ ਕਿ ਬਰੇਨ ਡਰੇਨ ਨੂੰ ਰੋਕਣ ਅਤੇ ਵਿਦਿਆਰਥੀਆਂ ਦੀਆਂ ਸੋਚਾਂ ਨੂੰ ਉਡਾਰੀ ਲਈ ਪੰਖ ਲਾਉਣ ਲਈ ਇਹ ਪ੍ਰੋਗਰਾਮ ਬਹੁਤ ਲਾਹੇਵੰਦਾ ਸਾਬਤ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਵਿਦਿਆਰਥੀ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ।
ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਏ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ‘ਚ ਰਹਿਣ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਵਿਦੇਸ਼ਾਂ ‘ਚ ਜਾਣ ਦੀ ਹੋੜ ਤੋਂ ਬਚਣ ਲਈ ਕਿਹਾ ਕਿ ਜੋ ਕੁਝ ਸਾਡਾ ਦੇਸ਼ ਤੇ ਸਾਡਾ ਪੰਜਾਬ ਸਾਡੇ ਲਈ ਹੈ, ਉਹ ਥਾਂ ਦੂਸਰਾ ਮੁਲਕ ਨਹੀਂ ਲੈ ਸਕਦਾ, ਇਸ ਲਈ ਨੌਜਵਾਨਾਂ ਨੂੰ ਆਪਣੇ ਮੁਲਕ ‘ਚ ਰਹਿਕੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦਸਵੀ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ। ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਵੀ ਪ੍ਰਸੰਸਾ ਕੀਤੀ ਗਈ, ਜਿਨ੍ਹਾਂ ਵਿਚ ਸਕੂਲ ਦੇ ਕਬੱਡੀ ਖਿਡਾਰੀਆ ਵਲੋਂ ਨੈਸ਼ਨਲ ਸਕੂਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ, ਭੰਗੜੇ ਦੀ ਟੀਮ ਵਲੋ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਕੂਲ ਦੇ ਵਿਦਿਆਰਥੀਆਂ ਵਲੋ ਬੋਰਡ ਦੇ ਪੇਪਰ ਵਿਚ ਪ੍ਰਾਪਤ ਵਧੀਆ ਨਤੀਜੇ ਦੀ ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ ਕੀਤੀ ਗਈ ਤੇ ਹੋਰ ਵਧੀਆ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਸਕੂਲ ਦੀਆਂ ਦੋ ਇਮਾਰਤਾਂ, ਖੇਡ ਮੈਦਾਨ ਅਤੇ ਹੋਰ ਵਿਦਿਆਰਥੀਆਂ ਲਈ ਉਚੇਚੇ ਖੇਡ ਤੇ ਸਿੱਖਿਆ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਭਗ 12 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਇਹ ਸਕੂਲ ਇਲਾਕੇ ਦੇ ਸਾਰੇ ਕਾਨਵੈਂਟ ਤੇ ਮਾਡਲ ਸਕੂਲਾਂ ਨੂੰ ਪਛਾੜ ਰਿਹਾ ਹੈ ਅਤੇ ਆਧੁਨਿਕਤਾ ਦੀ ਦੋੜ ਛੱਡ ਕੇ ਬਹੁਤ ਸਾਰੇ ਵਿਦਿਆਰਥੀਆਂ ਸਕੂਲ ਆਫ ਐਮੀਂਨੈਸ ਵਿਚ ਦਾਖਲਾ ਲੈ ਚੁੱਕੇ ਹਨ। ਸ੍ਰੀ ਵਾਲੀਆ ਨੇ ਖੇਡ ਮੈਦਾਨਾਂ ਦਾ ਦੌਰਾ ਕੀਤਾ ਤੇ ਨਿਰਦੇਸ਼ ਜਾਰੀ ਕੀਤੇ। ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਦੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਸਕੂਲ ਵਿੱਚ ਸੁਰਿੰਦਰ ਪਾਲ ਸਿੰਘ ਡਿਪਟੀ ਡੀਓ, ਅਧਿਆਪਕ ਵਰਗ, ਵਿਦਿਆਰਥੀ ਅਤੇ ਸਥਾਨਕ ਅਧਿਕਾਰੀ ਵੀ ਹਾਜ਼ਰ ਰਹੇ। ਵਿਦਿਆਰਥੀਆਂ ਨੇ ਸੈਸ਼ਨ ਦੌਰਾਨ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਵਾਈਸ ਪ੍ਰਿੰਸੀਪਲ ਸਿਖਾ ਅਰੋੜਾ, ਤੇਜਿੰਦਰ ਕੌਰ, ਅਮਰਜੀਤ ਸਿੰਘ,ਕੁਲਵਿੰਦਰ ਕੌਰ ਅਨੂ ਅਰੋਰਾ, ਨਿਸਚੈ, ਰਮਨਦੀਪ ਕੌਰ,ਅੰਜੂ ਬਾਲਾ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਸੁਖਜੀਤ ਕੌਰ, ਨਿਸ਼ਾ, ਪ੍ਰੀਤੀ, ਸੁਨੀਤਾ ਰਾਣੀ, ਬਨੀਤਾ, ਰਮਿੰਦਰਜੀਤ ਕੌਰ, ਕਮਲਜੀਤ ਕੌਰ, ਸਰਬਜੀਤ ਸਿੰਘ, ਹਨੀ ਜੱਸਲ, ਪਰਮਿੰਦਰ ਸਿੰਘ ਕੈਂਪਸ ਮੈਨੇਜਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
