“ਨਾਨਕ ਬਾਗ਼ੀਚੀ” ਮੁਹਿੰਮ ਅਧੀਨ ਤਰਨ ਤਾਰਨ ਹਸਪਤਾਲ ਵਿੱਚ ਬੂਟੇ ਰੋਪੇ: ਡਾ. ਗੁਰਪ੍ਰੀਤ ਸਿੰਘ

33

ਤਰਨ ਤਾਰਨ, 15 ਜੁਲਾਈ 2025 Aj Di Awaaj

Punjab Desk : ਪੰਜਾਬ ਸਰਕਾਰ ਅਤੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਦਫਤਰ ਸਿਵਲ ਸਰਜਨ ਅਤੇ ਸਰਕਾਰੀ ਹਸਪਤਾਲ, ਤਰਨ ਤਾਰਨ ਵਿਖ਼ੇ ‘ਨਾਨਕ ਬਾਗ਼ੀਚੀ’ ਮੁਹਿੰਮ ਤਹਿਤ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਵਿੱਚ ਇਸ ਮੁਹਿੰਮ ਤਹਿਤ ਬੂਟੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਵਿਅਕਤੀ ਦੇ ਚੰਗੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵਾਤਾਵਰਨ ਦਾ ਸਾਫ ਸੁਥਰਾ ਹੋਣਾ ਬਹੁਤ ਲਾਜ਼ਮੀ ਹੈ।

ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਹਰ ਇੱਕ ਵਿਅਕਤੀ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਵੇ, ਤਾਂ ਜੋ ਸਾਡਾ ਵਾਤਾਵਰਨ ਹਮੇਸ਼ਾ ਹਰਿਆ ਭਰਿਆ ਬਣਿਆ ਰਹੇ। ਉਨ੍ਹਾਂ ਕਿਹਾ ਕਿ ਸਾਫ ਸੁਥਰੇ ਵਾਤਾਵਰਣ ਪ੍ਰਤੀ ਸਾਨੂੰ ਸਾਰਿਆਂ ਨੂੰ ਜ਼ਿਮੇਵਾਰ ਬਣਨਾ ਚਾਹੀਦਾ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਹਸਪਤਾਲ ਵਿਖ਼ੇ ਵੱਖ ਵੱਖ ਕਿਸਮਾਂ ਦੇ ਮੈਡੀਸਿਨਲ ਫਾਇਦਿਆਂ ਵਾਲੇ ਬੂਟੇ ਜਿਵੇ ਕਿ ਨਿਮ, ਜਾਮਣ, ਸਵਾਜਣ, ਅਰਜਨ, ਅਮਲਤਾਸ, ਤੁਲਸੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 450 ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਇਸ ਮੁਹਿੰਮ ਦੌਰਾਨ ਹੋਰ ਬੂਟੇ ਆਉਣ ਵਾਲੇ ਦਿਨਾਂ ‘ਚ  ਲਗਾਏ ਜਾਣਗੇ।

ਉਹਨਾਂ ਕਿਹਾ ਕਿ ਜੇਕਰ ਵਿਅਕਤੀ ਆਪਣੇ ਵਾਤਾਵਰਨ ਨੂੰ ਬਚਾਉਂਦਾ ਹੈ, ਤਾਂ ਉਹ ਆਪਣਾ ਜੀਵਨ ਬਚਾ ਰਿਹਾ ਹੈ। ਉਹਨਾਂ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਬਾਰੇ ਆਪਣੇ ਆਪਣੇ ਬਲਾਕਾਂ ਦੇ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਡੀ.ਐਮ.ਸੀ ਕਮ ਨੋਡਲ ਅਫ਼ਸਰ ਡਾ. ਰੂਪਮ ਚੌਧਰੀ ਨੇ ਕਿਹਾ ਕਿ ਵਾਤਾਵਰਨ ‘ਤੇ ਸਾਡਾ ਅੱਜ ਤੇ ਕੱਲ ਜੁੜਿਆ ਹੈ, ਜੇਕਰ ਅਸੀਂ ਅੱਜ ਆਪਣਾ ਵਾਤਾਵਰਨ ਸਵੱਛ ਬਣਾਉਦੇ ਹਾਂ, ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਜਿਉਣ ਦੇ ਲਈ ਸਾਫ ਸੁਥਰਾ ਮਾਹੌਲ ਮਿਲੇਗਾ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ, ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੁਪਮ ਚੌਧਰੀ, ਡਾ. ਰਾਬਿੰਦਰ ਚੌਧਰੀ, ਡਾ. ਅਵਲੀਨ ਕੌਰ ਜ਼ਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਆਦਿ ਮੌਜੂਦ ਰਹੇ।