Sangrur 20 June 2025 Aj DI Awaaj
Punjab Desk : ਸੰਗਰੂਰ ਜ਼ਿਲ੍ਹੇ ਦੇ ਸੁਨਾਮ ਨੇੜਲੇ ਪਿੰਡ ਘੜਿਆਲ ਵਿਖੇ ਨਹਿਰ ਵਿੱਚ ਆਇਆ ਪਾੜ ਹੁਣ ਹੋਰ ਵਧ ਗਿਆ ਹੈ। ਪਹਿਲਾਂ ਆਏ ਵੱਡੇ ਪਾੜ ਤੋਂ ਬਾਅਦ ਹੁਣ ਹੋਰ 5-7 ਫੁੱਟ ਤੱਕ ਮਿੱਟੀ ਖਿਸਕ ਚੁੱਕੀ ਹੈ, ਜਿਸ ਨਾਲ ਕੁੱਲ ਪਾੜ 10 ਫੁੱਟ ਤੋਂ ਵੱਧ ਹੋ ਗਿਆ ਹੈ। ਇਸ ਕਰਕੇ ਹਜ਼ਾਰਾਂ ਏਕੜ ਖੇਤਾਂ ਵਿੱਚ ਪਾਣੀ ਘੁਸ ਗਿਆ ਹੈ, ਜਿਸ ਨਾਲ ਝੋਨਾ, ਮੱਕੀ ਵਰਗੀਆਂ ਖੇਤੀਬਾੜੀ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਪਿੰਡਵਾਸੀ ਰਾਤ ਭਰ ਆਪਣੇ ਪੱਧਰ ‘ਤੇ ਮਿੱਟੀ ਦੀਆਂ ਬੋਰੀਆਂ ਨਾਲ ਪਾੜ ਨੂੰ ਪੂਰਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਹੁਣ ਮਿੱਟੀ ਭਰਨ ਲਈ ਲੋੜੀਂਦੇ ਖਾਲੀ ਬੈਗ ਵੀ ਮੁਹੱਈਆ ਨਹੀਂ ਹੋ ਰਹੇ। ਲੋਕਾਂ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਨਾ ਤਾਂ ਕੋਈ ਮਦਦ ਕੀਤੀ ਗਈ ਹੈ ਅਤੇ ਨਾ ਹੀ ਕੋਈ ਅਧਿਕਾਰੀ ਮੌਕੇ ‘ਤੇ ਆਏ ਹਨ।
ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਇੰਨੀ ਵੱਡੀ ਮੁਸੀਬਤ ਦੇ ਬਾਵਜੂਦ ਨਾ ਕੋਈ ਕਿਸਾਨ ਜਥੇਬੰਦੀ ਮੌਕੇ ਤੇ ਪਹੁੰਚੀ ਹੈ ਅਤੇ ਨਾ ਹੀ ਕਿਸੇ ਕਿਸਾਨੀ ਸੰਗਠਨ ਦੀ ਹਾਜ਼ਰੀ ਦਰਜ ਹੋਈ ਹੈ। ਪਿੰਡ ਦੇ ਆਮ ਲੋਕ ਹੀ ਆਪਣੀ ਮਿਹਨਤ ਨਾਲ ਪਾਣੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ, ਸਰਕਾਰੀ ਮਦਦ ਨਾ ਮਿਲਣ ਕਾਰਨ ਉਹ ਵੀ ਹੁਣ ਹੌਂਸਲਾ ਹਾਰਦੇ ਨਜ਼ਰ ਆ ਰਹੇ ਹਨ।
ਇਹ ਸਾਰਾ ਮਾਮਲਾ ਇਕ ਵਾਰ ਫਿਰ ਸਾਬਤ ਕਰਦਾ ਹੈ ਕਿ ਜ਼ਮੀਨੀ ਹਕੀਕਤਾਂ ‘ਚ ਲੋਕ ਆਪਣੀ ਜਾਨ ਲਗਾ ਰਹੇ ਹਨ, ਜਦਕਿ ਪ੍ਰਸ਼ਾਸਨ ਹਾਲੇ ਵੀ ਗੈਰਹਾਜ਼ਰ ਹੈ।
