ਅੰਮ੍ਰਿਤਸਰ, 19 ਜੁਲਾਈ 2025 Aj Di Awaaj
Punjab Desk – ਪਿਛਲੇ ਕੁਝ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਈ-ਮੇਲ ਰਾਹੀਂ ਮਿਲ ਰਹੀਆਂ ਧਮਕੀਆਂ ਨੇ ਸਿੱਖ ਜਥੇਬੰਦੀਆਂ ਅਤੇ ਸੰਗਤ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਮਾਮਲੇ ਉੱਤੇ ਗੰਭੀਰ ਰਵੱਈਆ ਅਖਤਿਆਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਇਹ ਘਿਨੌਣੀਆਂ ਅਤੇ ਭੜਕਾਊ ਈ-ਮੇਲਾਂ ਭੇਜੀਆਂ ਹਨ, ਉਨ੍ਹਾਂ ਦੀ ਤੁਰੰਤ ਪਛਾਣ ਕਰਕੇ ਖ਼ਾਲਸਾ ਪੰਥ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਫ਼ਰੀਦਾਬਾਦ ਤੋਂ ਇੱਕ ਸ਼ੱਕੀ ਵਿਅਕਤੀ ਸ਼ੁਭਮ ਦੁਬੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਅਸਲ ਦੋਸ਼ੀ ਹਾਲੇ ਵੀ ਬੇਨਕਾਬ ਨਹੀਂ ਹੋਇਆ, ਜੋ ਕਿ ਤਕਨੀਕੀ ਯੁੱਗ ਵਿੱਚ ਚਿੰਤਾਜਨਕ ਗੱਲ ਹੈ।
ਜਥੇਦਾਰ ਨੇ ਜ਼ੋਰ ਦਿੱਤਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਕ ਐਸਾ ਪਵਿੱਤਰ ਅਤੇ ਰੂਹਾਨੀ ਕੇਂਦਰ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ। ਉਨ੍ਹਾਂ ਆਖਿਆ ਕਿ ਭਾਵੇਂ ਇਹ ਈ-ਮੇਲਾਂ ਸੰਗਤ ਵਿੱਚ ਚਿੰਤਾ ਜਗਾ ਰਹੀਆਂ ਹਨ, ਪਰ ਇਨ੍ਹਾਂ ਦੇ ਬਾਵਜੂਦ ਹਰ ਰੋਜ਼ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਆ ਰਹੀ ਹੈ।
ਉਨ੍ਹਾਂ ਸਵਾਲ ਉਠਾਇਆ ਕਿ ਆਖਿਰ ਇਹ ਈ-ਮੇਲਾਂ ਲਗਾਤਾਰ ਕਿਉਂ ਭੇਜੀਆਂ ਜਾ ਰਹੀਆਂ ਹਨ ਅਤੇ ਇਸ ਦੇ ਪਿੱਛੇ ਕਿਹੜੀ ਮਨਸ਼ਾ ਕਾਰਜਸ਼ੀਲ ਹੈ? ਜਥੇਦਾਰ ਨੇ ਕਿਹਾ ਕਿ ਪੁਲਿਸ ਵੱਲੋਂ ਇੱਕ ਸ਼ੱਕੀ ਦੀ ਗ੍ਰਿਫ਼ਤਾਰੀ ਬਾਵਜੂਦ ਨਵੀਂ ਈ-ਮੇਲ ਆਉਣਾ, ਜਾਂਚ ਉੱਤੇ ਸਵਾਲ ਚੁੱਕਦਾ ਹੈ।
ਉਨ੍ਹਾਂ ਇਸ਼ਾਰਾ ਕੀਤਾ ਕਿ ਇਹ ਧਮਕੀਆਂ ਸਿੱਖ ਸੰਗਤ ਵਿੱਚ ਡਰ ਦਾ ਮਾਹੌਲ ਬਣਾਉਣ ਅਤੇ ਦਰਸ਼ਨਾਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਜਥੇਦਾਰ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਅਜਿਹੀਆਂ ਸ਼ਰਾਰਤਾਂ ਪਿੱਛੇ ਲੁਕੇ ਦੋਸ਼ੀਆਂ ਨੂੰ ਬਿਨਾਂ ਦੇਰੀ ਸਜ਼ਾ ਦਿਤੀ ਜਾਵੇ।
ਅੰਤ ਵਿੱਚ, ਜਥੇਦਾਰ ਗੜਗੱਜ ਨੇ ਸਿੱਖ ਸੰਗਤ ਨੂੰ ਭਰੋਸਾ ਦਿਵਾਇਆ ਕਿ ਡਰ ਸਿੱਖਾਂ ਦੇ ਸੁਭਾਅ ਵਿੱਚ ਨਹੀਂ ਅਤੇ ਉਹ ਪਿਛਲੇ ਸਮਿਆਂ ਦੀ ਤਰ੍ਹਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੇ ਰਹਿਣ। ਉਨ੍ਹਾਂ ਕਿਹਾ ਕਿ ਜੋ ਸਿੱਖ ਕੜੇ ਪਾਬੰਦੀਆਂ ਵਿੱਚ ਵੀ ਸੱਚਖੰਡ ਦੇ ਦਰਸ਼ਨ ਕਰਦੇ ਰਹੇ ਹਨ, ਉਹ ਅਜਿਹੀਆਂ ਧਮਕੀਆਂ ਨਾਲ ਡਿਗਣ ਵਾਲੇ ਨਹੀਂ।
