ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਲੰਧਰ ’ਚ ਸੜਕ ਸੁਰੱਖਿਆ ਉਪਾਅ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼
ਜਲੰਧਰ, 27 ਮਾਰਚ 2025 Aj Di Awaaj
ਜ਼ਿਲ੍ਹੇ ਭਰ ਵਿੱਚ ਸੁਚਾਰੂ ਅਤੇ ਅਨੁਸ਼ਾਸਿਤ ਆਵਾਜਾਈ ਯਕੀਨੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅਪਰਨਾ ਐਮ.ਬੀ. ਨੇ ਟ੍ਰੈਫਿਕ ਪੁਲਿਸ ਨੂੰ ਸੜਕ ਸੁਰੱਖਿਆ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ।
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਹਿੱਟ-ਐਂਡ-ਰਨ ਦੇ ਸਾਰੇ ਮਾਮਲਿਆਂ ਵਿੱਚ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਫ.ਆਈ.ਆਰ. ਦਰਜ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਘਟਨਾ ਬਿਨਾਂ ਰਿਪੋਰਟ ਕੀਤੇ ਨਾ ਰਹੇ। ਉਨ੍ਹਾਂ ਨੇ ਸੜਕ ਹਾਦਸਿਆਂ ਦੀ ਵਧਦੀ ਗਿਣਤੀ ਵਿੱਚ ਗੈਰ-ਕਾਨੂੰਨੀ ਪਾਰਕਿੰਗ ਅਤੇ ਅੰਡਰ-ਏਜ ਡਰਾਈਵਿੰਗ ਦੀ ਭੂਮਿਕਾ ’ਤੇ ਚਾਨਣਾ ਪਾਉਂਦਿਆਂ ਇਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ।
ਟ੍ਰੈਫਿਕ ਪ੍ਰਬੰਧਨ ਦੇ ਮੁੱਖ ਪਹਿਲੂਆਂ ਦੀ ਸਮੀਖਿਆ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਕੂਲਾਂ ਵਿੱਚ ਟ੍ਰੈਫਿਕ ਸਾਈਨ ਬੋਰਡ ਜਾਗਰੂਕਤਾ ਪ੍ਰੋਗਰਾਮਾਂ, ਬਲੈਕ ਸਪਾਟਾਂ ਦੀ ਸਮੇਂ ਸਿਰ ਪਛਾਣ ਅਤੇ ਸੁਧਾਰ ਅਤੇ ਜਾਮ ਨੂੰ ਰੋਕਣ ਲਈ ਪ੍ਰਮੁੱਖ ਚੌਰਾਹਿਆਂ ‘ਤੇ ਟ੍ਰੈਫਿਕ ਲਾਈਟਾਂ ਨੂੰ ਇਕਸਾਰ (ਸਿੰਕਰੋਨਾਈਜ਼) ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ਵਿੱਚ ਕਾਰਵਾਈ ਤੇਜ਼ ਕਰਨ ਅਤੇ ਨਿਰਧਾਰਤ ਥਾਵਾਂ ‘ਤੇ ਟ੍ਰੈਫਿਕ ਜਾਮ ਰੋਕਣ ਲਈ ਵਨ-ਵੇ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਸਬ-ਡਵੀਜ਼ਨਲ ਮੈਜਿਸਟ੍ਰੇਟ ਬਲਬੀਰ ਰਾਜ ਸਿੰਘ, ਕਮੇਟੀ ਦੇ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਸੜਕ ਸੁਰੱਖਿਆ ਪ੍ਰਮੁੱਖ ਤਰਜੀਹ ਬਣੀ ਹੋਈ ਹੈ ਅਤੇ ਸਾਰੇ ਭਾਗੀਦਾਰਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਸੜਕਾਂ ਯਕੀਨੀ ਬਣਾਉਣ ਲਈ ਆਪਸੀ ਸਹਿਯੋਗ ਨਾਲ ਕੰਮ ਕਰਨ ਦੀ ਅਪੀਲ ਕੀਤੀ।
