30 ਦਸੰਬਰ, 2025 ਅਜ ਦੀ ਆਵਾਜ਼
Health Desk: ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਬ੍ਰੈਸਟ ਕੈਂਸਰ ਦੀ ਜਾਂਚ ਲਈ ਹਰ ਸਾਲ ਸਿਰਫ਼ ਮੈਮੋਗ੍ਰਾਮ ਕਰਵਾਉਣ ਦੀ ਥਾਂ ਮਹਿਲਾਵਾਂ ਦੇ ਨਿੱਜੀ ਖ਼ਤਰੇ ਦੇ ਆਧਾਰ ’ਤੇ ਸਕ੍ਰੀਨਿੰਗ ਕਰਨਾ ਜ਼ਿਆਦਾ ਪ੍ਰਭਾਵਸ਼ਾਲੀ ਸਾਬਿਤ ਹੋ ਸਕਦਾ ਹੈ। ਇਸ ਤਰੀਕੇ ਨਾਲ ਕੈਂਸਰ ਨੂੰ ਸ਼ੁਰੂਆਤੀ ਪੜਾਅ ’ਚ ਹੀ ਪਛਾਣਿਆ ਜਾ ਸਕਦਾ ਹੈ, ਜਿਸ ਨਾਲ ਜਾਨ ਬਚਾਉਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਵੱਲੋਂ ਕਰੀਬ 46 ਹਜ਼ਾਰ ਮਹਿਲਾਵਾਂ ’ਤੇ ਕੀਤੇ ਗਏ ਇਸ ਅਧਿਐਨ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਸਕ੍ਰੀਨਿੰਗ ਦੀ ਸ਼ੁਰੂਆਤ ਸਿਰਫ਼ ਉਮਰ ਦੇ ਆਧਾਰ ’ਤੇ ਨਾ ਹੋਵੇ, ਸਗੋਂ ਹਰ ਮਹਿਲਾ ਦੇ ਖ਼ਤਰੇ ਦੇ ਵਿਸਥਾਰਪੂਰਕ ਮੁਲਾਂਕਣ ਤੋਂ ਕੀਤੀ ਜਾਵੇ। ਇਸ ਨਾਲ ਹਰ ਮਰੀਜ਼ ਨੂੰ ਉਸਦੀ ਲੋੜ ਮੁਤਾਬਕ ਬਿਹਤਰ ਇਲਾਜ ਮਿਲ ਸਕੇਗਾ।
ਯੂਸੀਐੱਸਐੱਫ ਬ੍ਰੈਸਟ ਕੇਅਰ ਸੈਂਟਰ ਦੀ ਡਾਇਰੈਕਟਰ ਡਾ. ਲਾਰਾ ਜੇ. ਐਸਰਮੈਨ ਨੇ ਕਿਹਾ ਕਿ ਇਸ ਖੋਜ ਦੇ ਨਤੀਜਿਆਂ ਦੇ ਆਧਾਰ ’ਤੇ ਬ੍ਰੈਸਟ ਕੈਂਸਰ ਸਕ੍ਰੀਨਿੰਗ ਦੀਆਂ ਮੌਜੂਦਾ ਹਦਾਇਤਾਂ ਵਿੱਚ ਅਹਿਮ ਤਬਦੀਲੀਆਂ ਕਰਨ ਦੀ ਲੋੜ ਹੈ। ਉਨ੍ਹਾਂ ਮੁਤਾਬਕ, ਨਿੱਜੀ ਨਜ਼ਰੀਆ ਖ਼ਤਰਾ ਮੁਲਾਂਕਣ ਤੋਂ ਸ਼ੁਰੂ ਹੁੰਦਾ ਹੈ, ਜਿਸ ਵਿੱਚ ਅਨੁਵਾਂਸ਼ਿਕ (ਜੈਨੇਟਿਕ), ਜੈਵਿਕ ਅਤੇ ਜੀਵਨਸ਼ੈਲੀ ਨਾਲ ਜੁੜੇ ਕਾਰਕ ਸ਼ਾਮਲ ਹੁੰਦੇ ਹਨ। ਇਹੀ ਕਾਰਕ ਪ੍ਰਭਾਵਸ਼ਾਲੀ ਰੋਕਥਾਮ ਅਤੇ ਇਲਾਜ ਦੀ ਰਣਨੀਤੀ ਤੈਅ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਖੋਜਕਾਰਾਂ ਨੇ ਦੱਸਿਆ ਕਿ ਦਹਾਕਿਆਂ ਤੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਸਾਰੀਆਂ ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਦਾ ਖ਼ਤਰਾ ਲਗਭਗ ਇੱਕੋ ਜਿਹਾ ਹੁੰਦਾ ਹੈ, ਇਸ ਲਈ ਸਕ੍ਰੀਨਿੰਗ ਦੀਆਂ ਹਦਾਇਤਾਂ ਮੁੱਖ ਤੌਰ ’ਤੇ ਉਮਰ ’ਤੇ ਆਧਾਰਿਤ ਸਨ। ਪਰ ਹੁਣ ਪੱਕੇ ਸਬੂਤ ਮਿਲੇ ਹਨ ਕਿ ਹਰ ਮਹਿਲਾ ਦਾ ਨਿੱਜੀ ਖ਼ਤਰਾ ਵੱਖਰਾ ਹੋ ਸਕਦਾ ਹੈ।
ਗੌਰਤਲਬ ਹੈ ਕਿ ਬ੍ਰੈਸਟ ਕੈਂਸਰ ਮਹਿਲਾਵਾਂ ਵਿੱਚ ਸਭ ਤੋਂ ਆਮ ਕੈਂਸਰ ਹੈ। ਦੁਨੀਆ ਭਰ ਵਿੱਚ ਹਰ ਸਾਲ ਲਗਭਗ 23 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਕਰੀਬ 6 ਲੱਖ 70 ਹਜ਼ਾਰ ਮਹਿਲਾਵਾਂ ਦੀ ਮੌਤ ਇਸ ਕਾਰਨ ਹੋ ਜਾਂਦੀ ਹੈ। ਅਜਿਹੇ ਵਿੱਚ ਖ਼ਤਰਾ ਆਧਾਰਿਤ ਸਕ੍ਰੀਨਿੰਗ ਨੂੰ ਅਪਣਾਉਣਾ ਬ੍ਰੈਸਟ ਕੈਂਸਰ ਨਾਲ ਜੁੜੀ ਮੌਤਾਂ ਨੂੰ ਘਟਾਉਣ ਵੱਲ ਇੱਕ ਵੱਡਾ ਕਦਮ ਸਾਬਿਤ ਹੋ ਸਕਦਾ ਹੈ।














