15 ਸਾਲਾਂ ਬਾਅਦ ਦਿੱਲੀ ਲਈ ਵਾਪਸੀ, ਵਿਰਾਟ ਕੋਹਲੀ ਨੇ ਰਚਿਆ ਇਤਿਹਾਸ; ਲਿਸਟ-ਏ ਕ੍ਰਿਕਟ ਦੇ ਬਣੇ ‘ਰਿਕਾਰਡ ਕਿੰਗ’

1
15 ਸਾਲਾਂ ਬਾਅਦ ਦਿੱਲੀ ਲਈ ਵਾਪਸੀ, ਵਿਰਾਟ ਕੋਹਲੀ ਨੇ ਰਚਿਆ ਇਤਿਹਾਸ; ਲਿਸਟ-ਏ ਕ੍ਰਿਕਟ ਦੇ ਬਣੇ ‘ਰਿਕਾਰਡ ਕਿੰਗ’

ਨਵੀਂ ਦਿੱਲੀ  24 ਦਸੰਬਰ, 2025 ਅਜ ਦੀ ਆਵਾਜ਼

ਸਪੋਰਟਸ ਡੈਸਕ:  ਵਿਰਾਟ ਕੋਹਲੀ ਨੇ 24 ਦਸੰਬਰ ਨੂੰ ਵਿਜੇ ਹਜ਼ਾਰੇ ਟਰਾਫੀ 2025 ਵਿੱਚ ਦਿੱਲੀ ਵੱਲੋਂ ਖੇਡਦਿਆਂ ਸ਼ਾਨਦਾਰ ਵਾਪਸੀ ਕੀਤੀ। 15 ਸਾਲਾਂ ਬਾਅਦ ਘਰੇਲੂ ਕ੍ਰਿਕਟ ਵਿੱਚ ਦਿੱਲੀ ਦੀ ਜਰਸੀ ਪਹਿਨ ਕੇ ਆਂਧਰਾ ਪ੍ਰਦੇਸ਼ ਦੇ ਖ਼ਿਲਾਫ਼ ਉਤਰੇ ਕੋਹਲੀ ਨੇ ਮੈਦਾਨ ‘ਤੇ ਕਦਮ ਰੱਖਦੇ ਹੀ ਇਤਿਹਾਸ ਰਚ ਦਿੱਤਾ।

ਬੈਂਗਲੁਰੂ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਆਪਣੀ ਪਹਿਲੀ ਦੌੜ ਨਾਲ ਹੀ ‘ਕਿੰਗ ਕੋਹਲੀ’ ਲਿਸਟ-ਏ ਕ੍ਰਿਕਟ ਵਿੱਚ 16,000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ। ਇਸ ਉਪਲਬਧੀ ਨਾਲ ਉਨ੍ਹਾਂ ਨੇ ਮਹਾਨ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਵੀ ਤੋੜ ਦਿੱਤਾ।

ਕੋਹਲੀ ਨੇ ਸਿਰਫ਼ 330 ਪਾਰੀਆਂ ਵਿੱਚ 16 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ, ਜਦਕਿ ਸਚਿਨ ਤੇਂਦੁਲਕਰ ਨੇ ਇਹ ਮੁਕਾਮ 391 ਪਾਰੀਆਂ ਵਿੱਚ ਹਾਸਲ ਕੀਤਾ ਸੀ। ਇਸ ਨਾਲ ਕੋਹਲੀ ਦੁਨੀਆ ਦੇ 9ਵੇਂ ਅਤੇ ਏਸ਼ੀਆ ਦੇ ਚੌਥੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਲਿਸਟ-ਏ ਕ੍ਰਿਕਟ ਵਿੱਚ ਇਹ ਅੰਕ ਛੂਹਿਆ ਹੈ।

ਲਿਸਟ-ਏ ਕ੍ਰਿਕਟ ਵਿੱਚ ਕੋਹਲੀ ਦੀ ਔਸਤ 57.34 ਹੈ, ਜੋ ਉਨ੍ਹਾਂ ਨੂੰ 16 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਵਿੱਚ ਸਭ ਤੋਂ ਬਿਹਤਰੀਨਾਂ ‘ਚ ਸ਼ਾਮਲ ਕਰਦੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਤੋਂ ਅੱਗੇ ਸਿਰਫ਼ ਮਾਈਕਲ ਬੇਵਨ, ਸੈਮ ਹੈਨ ਅਤੇ ਰਿਤੂਰਾਜ ਗਾਇਕਵਾੜ ਹਨ।

ਮੈਚ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 298 ਦੌੜਾਂ ਬਣਾਈਆਂ। ਜਵਾਬ ਵਿੱਚ ਦਿੱਲੀ ਦੀ ਟੀਮ 27 ਓਵਰਾਂ ਤੱਕ 2 ਵਿਕਟਾਂ ‘ਤੇ 210 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ ਵਿੱਚ ਹੈ।