ਉੱਚ ਸਿੱਖਿਆ ’ਚ ਰਾਖਵੇਂਕਰਨ ਵਰਗ ਦੇ ਵਿਦਿਆਰਥੀਆਂ ਨੇ ਆਮ ਵਰਗ ਨੂੰ ਪਿੱਛੇ ਛੱਡਿਆ, ਨਵਾਂ ਅਧਿਐਨ ਖੋਲ੍ਹਦਾ ਹੈ ਸਮਾਜਿਕ ਤਬਦੀਲੀ

13
ਉੱਚ ਸਿੱਖਿਆ ’ਚ ਰਾਖਵੇਂਕਰਨ ਵਰਗ ਦੇ ਵਿਦਿਆਰਥੀਆਂ ਨੇ ਆਮ ਵਰਗ ਨੂੰ ਪਿੱਛੇ ਛੱਡਿਆ, ਨਵਾਂ ਅਧਿਐਨ ਖੋਲ੍ਹਦਾ ਹੈ ਸਮਾਜਿਕ ਤਬਦੀਲੀ

04 ਦਸੰਬਰ, 2025 ਅਜ ਦੀ ਆਵਾਜ਼

Education Desk:  ਉੱਚ ਸਿੱਖਿਆ ਦੇ ਖੇਤਰ ਵਿੱਚ ਰਾਖਵੇਂਕਰਨ (Reservation) ਵਰਗ ਦੇ ਵਿਦਿਆਰਥੀਆਂ ਦੀ ਗਿਣਤੀ ਆਮ ਵਰਗ ਦੇ ਵਿਦਿਆਰਥੀਆਂ ਤੋਂ ਵੱਧ ਹੋ ਗਈ ਹੈ। ਆਈਆਈਐੱਮ ਉਦੈਪੁਰ ਦੇ ਸੈਂਟਰ ਫਾਰ ਡਿਵੈਲਪਮੈਂਟ ਪਾਲਿਸੀ ਐਂਡ ਮੈਨੇਜਮੈਂਟ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ, 2010-11 ਵਿੱਚ ਐੱਸਸੀ/ਐੱਸਟੀ/ਓਬੀਸੀ/ਪਿੱਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਹਿੱਸੇਦਾਰੀ 43.1 ਫ਼ੀਸਦੀ ਸੀ ਜੋ 2022-23 ਵਿੱਚ 60.8 ਫ਼ੀਸਦੀ ਤੱਕ ਵਧ ਗਈ। ਇਸ ਦੌਰਾਨ ਆਮ ਵਰਗ ਦੇ ਵਿਦਿਆਰਥੀਆਂ ਦੀ ਹਿੱਸੇਦਾਰੀ 57 ਫ਼ੀਸਦੀ ਤੋਂ ਘੱਟ ਕੇ 39 ਫ਼ੀਸਦੀ ਹੋ ਗਈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਰਾਖਵੇਂਕਰਨ ਵਰਗ ਦੇ ਵਿਦਿਆਰਥੀ ਹੁਣ ਯੋਗਤਾ ਦੇ ਆਧਾਰ ’ਤੇ ਆਮ ਸੀਟਾਂ ’ਤੇ ਵੀ ਦਾਖ਼ਲਾ ਲੈ ਰਹੇ ਹਨ। ਇਸ ਨਾਲ ਉੱਚ ਸਿੱਖਿਆ ਦੇ ਖੇਤਰ ਵਿੱਚ ਸਮਾਜਿਕ ਬਣਤਰ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। 13 ਸਾਲਾਂ ਦੇ ਆਲ ਇੰਡੀਆ ਸਰਵੇ ਆਫ ਹਾਇਰ ਐਜੂਕੇਸ਼ਨ (AISHE) ਦੇ ਅੰਕੜਿਆਂ ਦੇ ਅਧਿਐਨ ਵਿੱਚ 60,380 ਸੰਸਥਾਵਾਂ ਅਤੇ 4.38 ਕਰੋੜ ਵਿਦਿਆਰਥੀਆਂ ਦਾ ਡਾਟਾ ਸ਼ਾਮਲ ਕੀਤਾ ਗਿਆ।

ਸਾਬਕਾ ਚੀਫ ਜਸਟਿਸ ਬੀਆਰ ਗਵਈ ਦੇ ਬਿਆਨ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਐੱਸਸੀ/ਐੱਸਟੀ ਵਰਗ ਲਈ ਕ੍ਰੀਮੀ ਲੇਅਰ ਲਾਗੂ ਕਰਨ ਤੇ ਜ਼ੋਰ ਦਿੱਤਾ। ਰਾਖਵੇਂਕਰਨ ਦਾ ਫ਼ਾਇਦਾ ਸਿਰਫ਼ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ, ਜਿਨ੍ਹਾਂ ਨੂੰ ਸੱਚਮੁੱਚ ਲੋੜ ਹੈ।

ਵਿਸ਼ਲੇਸ਼ਕਾਂ ਅਨੁਸਾਰ, ਇਹ ਨਤੀਜੇ ਪਿਛਲੇ ਦਹਾਕੇ ਵਿੱਚ ਸਿੱਖਿਆ ਖੇਤਰ ਵਿੱਚ ਉੱਚ ਜਾਤੀਆਂ ਦੇ ਦਬਦਬੇ ਦੀ ਧਾਰਣਾ ਨੂੰ ਚੁਣੌਤੀ ਦਿੰਦੇ ਹਨ। ਉੱਚ ਸਿੱਖਿਆ ’ਚ ਹੁਣ ਐੱਸਸੀ, ਐੱਸਟੀ ਅਤੇ ਓਬੀਸੀ ਵਰਗ ਦੇ ਵਿਦਿਆਰਥੀਆਂ ਲਈ ਮੌਕੇ ਉੱਪਲੱਬਧ ਹਨ, ਪਰ ਧਿਆਨ ਇਹ ਯਕੀਨੀ ਬਣਾਉਣ ’ਤੇ ਹੋਣਾ ਚਾਹੀਦਾ ਹੈ ਕਿ ਕ੍ਰੀਮੀ ਲੇਅਰ ਦੇ ਘੇਰੇ ’ਚ ਆਉਣ ਵਾਲੇ ਆਪਣੇ ਤੋਂ ਕਮਜ਼ੋਰ ਵਿਦਿਆਰਥੀਆਂ ਦੇ ਮੌਕੇ ਨਾ ਘੱਟ ਹੋਣ।

ਟੇਬਲ: ਰਾਖਵੇਂਕਰਨ ਅਤੇ ਆਮ ਵਰਗ ਦੀ ਦਾਖ਼ਲੇ ’ਚ ਹਿੱਸੇਦਾਰੀ

ਸਾਲ ਰਾਖਵੇਂਕਰਨ ਵਰਗ (%) ਆਮ ਵਰਗ (%)
2010-11 43.1 57
2022-23 60.8 39

2023 ਵਿੱਚ ਰਾਖਵੇਂਕਰਨ ਵਰਗ ਦੇ ਵਿਦਿਆਰਥੀਆਂ ਦੀ ਗਿਣਤੀ ਆਮ ਵਰਗ ਦੇ ਮੁਕਾਬਲੇ 95 ਲੱਖ ਜ਼ਿਆਦਾ ਰਹੀ।