29 ਦਸੰਬਰ, 2025 ਅਜ ਦੀ ਆਵਾਜ਼
National Desk: ਰੇਲ ਯਾਤਰੀਆਂ ਲਈ ਸਫ਼ਰ ਦੌਰਾਨ ਖਾਣ-ਪੀਣ ਨੂੰ ਲੈ ਕੇ ਇੱਕ ਵੱਡਾ ਬਦਲਾਅ ਆਉਣ ਜਾ ਰਿਹਾ ਹੈ। ਭਾਰਤੀ ਰੇਲਵੇ ਹੁਣ ਹੌਲੀ-ਹੌਲੀ ਟ੍ਰੇਨਾਂ ਅਤੇ ਸਟੇਸ਼ਨਾਂ ‘ਤੇ ਖਾਣੇ ਦੀ ਸਿੱਧੀ ਜ਼ਿੰਮੇਵਾਰੀ ਤੋਂ ਖੁਦ ਨੂੰ ਅਲੱਗ ਕਰ ਰਹੀ ਹੈ ਅਤੇ ਇਹ ਵਿਵਸਥਾ ਬਾਜ਼ਾਰ ਅਧਾਰਿਤ ਮਾਡਲ ਵੱਲ ਵਧ ਰਹੀ ਹੈ।
ਰੇਲਵੇ ਨਾਲ ਜੁੜੀ ਕੇਟਰਿੰਗ ਏਜੰਸੀ ਆਈਆਰਸੀਟੀਸੀ (IRCTC) ਨੇ ਹੁਣ ਬੇਸ ਕਿਚਨ ਬੰਦ ਕਰਕੇ ਕਲੱਸਟਰ ਕਿਚਨ ਮਾਡਲ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਜੋ ਕੰਪਨੀਆਂ ਯਾਤਰੀਆਂ ਨੂੰ ਖਾਣਾ ਪਰੋਸਦੀਆਂ ਹਨ, ਉਹੀ ਕਲੱਸਟਰ ਕਿਚਨ ਵਿੱਚ ਭੋਜਨ ਤਿਆਰ ਕਰਨਗੀਆਂ। ਰੇਲਵੇ ਅਧਿਕਾਰੀਆਂ ਵੱਲੋਂ ਸਿਰਫ਼ ਸਾਫ਼-ਸੁਥਰਾਈ ਅਤੇ ਹਾਈਜੀਨ ਦੀ ਨਿਗਰਾਨੀ ਕੀਤੀ ਜਾਵੇਗੀ।
ਇਸਦੇ ਨਾਲ ਹੀ, ਕਲਾਊਡ ਕਿਚਨ ਨੂੰ ਵੀ ਉਤਸ਼ਾਹ ਦਿੱਤਾ ਜਾ ਰਿਹਾ ਹੈ। ਹੁਣ ਯਾਤਰੀ ਸਫ਼ਰ ਦੌਰਾਨ ‘ਰੇਲ ਵਨ ਐਪ’ (Rail One App) ਜਾਂ ਹੋਰ ਮੰਜ਼ੂਰਸ਼ੁਦਾ ਐਪਸ ਰਾਹੀਂ ਬਾਜ਼ਾਰ ਤੋਂ ਮਨਪਸੰਦ ਖਾਣਾ ਆਰਡਰ ਕਰ ਸਕਣਗੇ। ਹਾਲਾਂਕਿ, ਇਸ ਤਰ੍ਹਾਂ ਮੰਗਵਾਏ ਗਏ ਖਾਣੇ ਦੀ ਗੁਣਵੱਤਾ ਜਾਂ ਕਿਸੇ ਵੀ ਸ਼ਿਕਾਇਤ ਦੀ ਜ਼ਿੰਮੇਵਾਰੀ ਰੇਲਵੇ ਦੀ ਨਹੀਂ ਹੋਵੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ, ਇਸ ਬਦਲਾਅ ਦਾ ਮੁੱਖ ਮਕਸਦ ਖਾਣੇ ਦੀ ਕੁਆਲਿਟੀ ਨੂੰ ਸੁਧਾਰਨਾ ਅਤੇ ਜ਼ਿੰਮੇਵਾਰੀ ਨੂੰ ਸਪੱਸ਼ਟ ਕਰਨਾ ਹੈ। ਮੌਜੂਦਾ ਪ੍ਰਣਾਲੀ ਵਿੱਚ ਕਈ ਵਾਰ ਸ਼ਿਕਾਇਤਾਂ ਆਉਣ ‘ਤੇ ਵੱਖ-ਵੱਖ ਏਜੰਸੀਆਂ ਇੱਕ-ਦੂਜੇ ‘ਤੇ ਦੋਸ਼ ਮੰਢ ਦਿੰਦੀਆਂ ਸਨ। ਨਵੇਂ ਮਾਡਲ ਵਿੱਚ ਖਰੀਦ, ਤਿਆਰੀ ਅਤੇ ਪਰੋਸਣ ਦੀ ਜ਼ਿੰਮੇਵਾਰੀ ਇੱਕੋ ਇਕਾਈ ਕੋਲ ਹੋਣ ਨਾਲ ਇਹ ਸਮੱਸਿਆ ਘੱਟ ਹੋਣ ਦੀ ਉਮੀਦ ਹੈ।
ਰੇਲਵੇ ਦਾ ਕਹਿਣਾ ਹੈ ਕਿ ਕਲਾਊਡ ਕਿਚਨ ਸਿਰਫ਼ ਇੱਕ ਵਿਕਲਪ ਹੈ, ਤਾਂ ਜੋ ਯਾਤਰੀ ਸਿਰਫ਼ ਰੇਲ ਕੈਟਰਿੰਗ ‘ਤੇ ਹੀ ਨਿਰਭਰ ਨਾ ਰਹਿਣ ਅਤੇ ਉਨ੍ਹਾਂ ਕੋਲ ਵਧੇਰੇ ਚੋਣਾਂ ਉਪਲਬਧ ਹੋ ਸਕਣ।














