ਅੱਤ ਦੀ ਗਰਮੀ ਵਿਚ ਰਾਹਤ, ਮਾਨਸੂਨ ਬਾਰੇ ਵੱਡੀ ਖ਼ਬਰ

28
ਅੱਤ ਦੀ ਗਰਮੀ ਵਿਚ ਰਾਹਤ, ਮਾਨਸੂਨ ਬਾਰੇ ਵੱਡੀ ਖ਼ਬਰ
21 ਮਈ  2025 ਅੱਜ ਦੀ ਆਵਾਜ਼

ਮਾਨਸੂਨ ਤੋਂ ਪਹਿਲਾਂ ਪੰਜਾਬ ‘ਚ ਚੱਲੇਗੀ ਗਰਮੀ ਦੀ ਲਹਿਰ, 27 ਜੂਨ ਤੱਕ ਆ ਸਕਦਾ ਹੈ ਮਾਨਸੂਨ

ਪੰਜਾਬ ਵਿੱਚ ਗਰਮੀ ਨੇ ਲੋਕਾਂ ਦੀ ਜੀਣ ਮੁਸ਼ਕਲ ਕਰ ਦਿੱਤੀ ਹੈ। ਰੋਜ਼ਾਨਾ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਕਈ ਥਾਵਾਂ ‘ਤੇ ਪਾਰਾ ਆਮ ਨਾਲੋਂ 3 ਤੋਂ 4 ਡਿਗਰੀ ਜਿਆਦਾ ਦਰਜ ਹੋ ਰਿਹਾ ਹੈ। ਬਠਿੰਡਾ ਵਿੱਚ ਤਾਪਮਾਨ 45 ਡਿਗਰੀ ਤੱਕ ਪਹੁੰਚ ਚੁੱਕਾ ਹੈ, ਜੋ ਕਿ ਸੂਬੇ ਲਈ ਚਿੰਤਾ ਦੀ ਗੱਲ ਹੈ।

ਮੌਸਮ ਵਿਭਾਗ ਮੁਤਾਬਕ, ਮੌਨਸੂਨ ਇਸ ਵਾਰ ਸਮੇਂ ਤੋਂ ਪਹਿਲਾਂ ਆ ਸਕਦਾ ਹੈ। ਕੇਰਲਾ ਵਿੱਚ 27 ਮਈ ਨੂੰ ਮਾਨਸੂਨ ਦੀ ਆਮਦ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪੰਜਾਬ ਵਿੱਚ ਇਹ 27 ਜੂਨ ਤੱਕ ਪਹੁੰਚ ਸਕਦਾ ਹੈ। ਹਾਲਾਂਕਿ, ਆਉਣ ਵਾਲੇ ਤਿੰਨ ਚਾਰ ਦਿਨ ਗਰਮੀ ਤੋਂ ਕੋਈ ਰਾਹਤ ਦੀ ਉਮੀਦ ਨਹੀਂ ਹੈ, ਉਲਟ ਤਾਪਮਾਨ ਹੋਰ ਵਧ ਸਕਦਾ ਹੈ।

ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤਾਂ ਨੂੰ ਵੀ ਤਾਪਮਾਨ ਉੱਚਾ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਅੱਤ ਦੀ ਗਰਮੀ ਝੱਲਣੀ ਪੈ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸਿੱਧੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਭਾਵੇਂ ਮੌਨਸੂਨ ਦੀ ਆਮਦ ਸਮੇਂ ਤੋਂ ਪਹਿਲਾਂ ਹੋਣ ਦੀ ਉਮੀਦ ਹੈ, ਪਰ ਪਿਛਲੇ 10 ਸਾਲਾਂ ਵਿੱਚ ਸਿਰਫ ਤਿੰਨ ਸਾਲ ਹੀ ਅਜਿਹੇ ਰਹੇ ਹਨ ਜਦੋਂ ਮੌਨਸੂਨ ਆਮ ਨਾਲੋਂ ਵਧੀਆ ਰਿਹਾ ਹੋਵੇ। ਇਸ ਮੌਕੇ ਉਨ੍ਹਾਂ ਨੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ, ਖਾਸ ਕਰਕੇ ਬੱਚਿਆਂ ਅਤੇ ਵੱਡੇ ਉਮਰ ਦੇ ਲੋਕਾਂ ਨੂੰ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।