ਸ੍ਰੀ ਅਨੰਦਪੁਰ ਸਾਹਿਬ 28 ਨਵੰਬਰ 2025 AJ DI Awaaj
Punjab Desk : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਹਰ ਇਲਾਕਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ, ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ ਹੈ। ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ 15 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਕੁੱਲ 30 ਲੱਖ ਰੁਪਏ ਦੀ ਰਾਹਤ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ।
ਇਹ ਰਾਹਤ ਰਾਸ਼ੀ ਬੇਲਾ ਧਿਆਨੀ ਲੋਅਰ, ਹਰਸਾ ਬੇਲਾ, ਐਲਗਰਾਂ, ਬੇਲਾ ਰਾਮਗੜ੍ਹ, ਪੱਤੀ ਟੇਕ ਸਿੰਘ, ਪੱਤੀ ਦੁਲਚੀ, ਸੈਸੋਵਾਲ, ਮਟੋਂਰ, ਚੰਦਪੁਰ, ਮਹਿੰਦਲੀ ਕਲਾਂ, ਭਨਾਮ, ਸ਼ਾਹਪੁਰ ਬੇਲਾ, ਨਿੱਕੂਵਾਲ, ਭਲਾਣ ਅਤੇ ਗੱਜਪੁਰ ਸਮੇਤ 15 ਪਿੰਡਾਂ ਦੇ ਪ੍ਰਭਾਵਿਤ ਪਿੰਡਾਂ ਲਈ ਜਾਰੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਪਰਿਵਾਰ ਦੀ ਮੁੜ ਸਥਾਪਨਾ ਨਾਲ ਜੀਵਨ ਦੀ ਬਹਾਲੀ ਵਿੱਚ ਕੋਈ ਰੁਕਾਵਟ ਨਾ ਆਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਉਦੇਸ਼ ਲੋਕਾਂ ਦੀ ਜ਼ਿੰਦਗੀ ਨੂੰ ਜਲਦ ਤੋਂ ਜਲਦ ਪਟੜੀ ‘ਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੜ੍ਹ ਦੇ ਦੌਰਾਨ ਅਤੇ ਬਾਅਦ ਵੱਖ-ਵੱਖ ਪੜਾਅ ‘ਚ ਰਾਹਤ ਕਾਰਜ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਹੈ, ਜਿਸ ਨਾਲ ਪ੍ਰਭਾਵਿਤ ਨਾਗਰਿਕਾਂ ਨੂੰ ਵੱਡਾ ਸਹਾਰਾ ਮਿਲਿਆ ਹੈ। ਸ.ਬੈਂਸ ਨੇ ਕਿਹਾ ਕਿ “ਸਾਡੇ ਮੁੱਖ ਮੰਤਰੀ ਹਮੇਸ਼ਾ ਇਹ ਮੰਨਦੇ ਹਨ ਕਿ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਆਪਣੇ ਲੋਕਾਂ ਦੀ ਸੁਰੱਖਿਆ, ਸਹਾਇਤਾ ਅਤੇ ਭਲਾਈ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਟੀਮ ਨੇ ਹੜ੍ਹ ਦੌਰਾਨ ਰਾਹਤ ਸਮੱਗਰੀ, ਖਾਣ-ਪੀਣ, ਬਚਾਅ ਕਾਰਜ, ਸਿਹਤ ਸੇਵਾਵਾਂ ਅਤੇ ਹੁਣ ਪੁਨਰਵਾਸ ਲਈ ਵੱਖ-ਵੱਖ ਯਤਨ ਕੀਤੇ ਹਨ। ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰਦਿਆਂ ਵੀ ਸਰਕਾਰ ਨੇ ਹਰ ਪਿੰਡ ਅਤੇ ਹਰ ਪਰਿਵਾਰ ਦੀ ਜ਼ਰੂਰਤ ਮੁਤਾਬਕ ਕਦਮ ਚੁੱਕੇ ਹਨ।
ਸ੍ਰ.ਬੈਂਸ ਨੇ ਕਿਹਾ ਕਿ ਮੌਸਮੀ ਤਬਦੀਲੀ ਅਤੇ ਕੁਦਰਤੀ ਆਫ਼ਤਾਂ ਦੇ ਵੱਧ ਰਹੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ, ਨਦੀ ਕੰਢਿਆਂ ਦੀ ਮੁਰੰਮਤ ਅਤੇ ਡਰੇਨੇਜ ਸਿਸਟਮ ਦੇ ਅੱਪਗ੍ਰੇਡ ਲਈ ਵੀ ਯੋਜਨਾਵਾਂ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ਅਤੇ ਜਾਇਦਾਦ ਦੀ ਰੱਖਿਆ ਸਰਕਾਰ ਦੀ ਮੁੱਖ ਤਰਜੀਹ ਹੈ।
ਸਮਾਗਮ ਦੇ ਅੰਤ ‘ਚ ਉਨ੍ਹਾਂ ਇਹ ਭਰੋਸਾ ਦਵਾਇਆ ਕਿ ਕੋਈ ਵੀ ਪ੍ਰਭਾਵਿਤ ਪਰਿਵਾਰ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਕਾਸ ਕਾਰਜਾਂ ਅਤੇ ਸਰਕਾਰੀ ਮੱਦਦ ਰਾਹੀਂ ਪ੍ਰਭਾਵਿਤ ਇਲਾਕਿਆਂ ਨੂੰ ਮੁੜ ਸੰਭਾਲੇਗੀ।














