ਫਰੀਦਕੋਟ, 30 ਜੁਲਾਈ 2025 Aj Di Awaaj
Punjab Desk : ਜ਼ਿਲ੍ਹਾ ਫਰੀਦਕੋਟ ਵਿਚ ਪੈਟ ਸ਼ਾਪ ਮਾਲਕਾਂ ਅਤੇ ਡਾਗ ਬਰੀਡਰਜ਼ ਆਪਣੀ ਰਜਿਸਟ੍ਰੇਸ਼ਨ ਪਸ਼ੂ ਭਲਾਈ ਬੋਰਡ ਪੰਜਾਬ ਕੋਲ ਕਰਵਾਉਣ । ਇਹ ਜਾਣਕਾਰੀ ਡਾ. ਸਰਜੀਤ ਸਿੰਘ ਮੱਲ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਸ਼ੂ ਭਲਾਈ ਬੋਰਡ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਕੰਮ ਕਰ ਰਹੀਆਂ ਪੈਟ ਸ਼ਾਪਸ ਅਤੇ ਡਾਗ ਬਰੀਡਿੰਗ ਸੈਂਟਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ, ਤਾਂ ਜੋ ਪਸ਼ੂਆਂ ਦੀ ਸੰਭਾਲ, ਖੁਰਾਕ, ਵੈਕਸੀਨੇਸ਼ਨ, ਰਿਹਾਇਸ਼ ਅਤੇ ਸੰਕਟ ਸਮੇਂ ਉਪਲਬਧ ਸਹੂਲਤਾਂ ਨੂੰ ਨਿਯਮਬੱਧ ਅਤੇ ਪ੍ਰਮਾਣਿਤ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ।
ਡਾ. ਮੱਲ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ‘ਤੇ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਧਿਕਾਰੀ, ਵਣ ਵਿਭਾਗ, ਸਥਾਨਕ ਨਿਗਮ, ਪੁਲਿਸ ਵਿਭਾਗ ਅਤੇ ਐਸ.ਪੀ.ਸੀ.ਏ. ਦੇ ਗੈਰ-ਸਰਕਾਰੀ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀਆਂ ਪੈਟ ਸ਼ਾਪਸ ਅਤੇ ਡਾਗ ਬਰੀਡਰਜ਼ ਦੀ ਜਾਂਚ ਕਰਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਫਿਲਹਾਲ ਫਰੀਦਕੋਟ ਜ਼ਿਲ੍ਹੇ ਵਿੱਚ ਕਈ ਪੈਟ ਸ਼ਾਪਸ ਅਤੇ ਡਾਗ ਬਰੀਡਰਜ਼ ਵਲੋਂ ਅਰਜ਼ੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਕਈ ਰਜਿਸਟ੍ਰੇਸ਼ਨ ਹੋਣ ਦੀ ਪ੍ਰਕਿਰਿਆ ਵਿਚ ਹਨ।
ਡਾ. ਸਰਜੀਤ ਸਿੰਘ ਮੱਲ ਨੇ ਸਾਰੇ ਪੈਟ ਸ਼ਾਪ ਮਾਲਕਾਂ ਅਤੇ ਡਾਗ ਬਰੀਡਰਜ਼ ਨੂੰ ਅਪੀਲ ਕੀਤੀ ਕਿ ਉਹ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੀ ਰਜਿਸਟ੍ਰੇਸ਼ਨ ਜਲਦੀ ਕਰਵਾਉਣ ਲਈ ਪਸ਼ੂ ਪਾਲਣ ਵਿਭਾਗ ਜਾਂ ਸਬੰਧਤ ਕਮੇਟੀ ਨਾਲ ਸੰਪਰਕ ਕਰਨ। ਇਹ ਉਨ੍ਹਾਂ ਦੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ, ਅਤੇ ਰਜਿਸਟ੍ਰੇਸ਼ਨ ਤੋਂ ਇਨਕਾਰ ਜਾਂ ਟਾਲਮਟੋਲ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
