ਮਾਲੇਰਕੋਟਲਾ, 14 ਅਗਸਤ 2025 AJ DI Awaaj
Punjab Desk : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਤਪਾ ਵਿਖੇ “ਬਾਬਾ ਫੂਲ ਸਰਕਾਰੀ ਬਿਰਧ ਘਰ” ਦੀ ਉਸਾਰੀ ਕੀਤੀ ਗਈ ਹੈ। ਇਸ ਬਿਰਧ ਘਰ ਵਿੱਚ ਰਹਿਣ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਇਹ ਬਹੁ-ਮੰਜ਼ਿਲਾ ਬਿਰਧ ਆਸ਼ਰਮ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਲੋੜਵੰਦ ਅਤੇ ਬੇਸਾਹਰਾ ਬਜ਼ੁਰਗਾਂ ਲਈ ਇੱਕ ਆਸ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇੱਥੇ ਰਹਿਣ ਲਈ ਕੋਈ ਵੀ ਲੋੜਵੰਦ ਬਜ਼ੁਰਗ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਇਸ ਬਿਰਧ ਆਸ਼ਰਮ ਦਾ ਉਦਘਾਟਨ ਕੀਤਾ ਗਿਆ ਹੈ। 72 ਬੈੱਡਜ਼ ਵਾਲਾ ਇਹ ਆਸ਼ਰਮ ਖੱਟਰ ਪੱਤੀ, ਢਿੱਲਵਾਂ ਰੋਡ, ਤਪਾ ਵਿਖੇ ਬਣਾਇਆ ਗਿਆ ਹੈ, ਜਿੱਥੇ ਬਜ਼ੁਰਗਾਂ ਲਈ ਰਹਾਇਸ਼, ਤਾਜ਼ਾ ਪੋਸ਼ਟਿਕ ਭੋਜਨ, ਮੈਡੀਕਲ ਸਹੂਲਤਾਂ, ਦਵਾਈਆਂ, ਨਿਯਮਿਤ ਚੈੱਕਅੱਪ ਆਦਿ ਦਾ ਪੂਰਾ ਮੁਫ਼ਤ ਪ੍ਰਬੰਧ ਹੈ। 24×7 ਸਟਾਫ਼ ਉਪਲਬਧ ਹੋਵੇਗਾ ਤਾਂ ਜੋ ਕਿਸੇ ਵੀ ਐਮਰਜੈਂਸੀ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਬਜ਼ੁਰਗਾਂ ਦੀ ਸੰਭਾਲ ਲਈ ਸੁਪਰਿੰਟੈਂਡੈਂਟ, ਕਲੈਰੀਕਲ ਸਟਾਫ਼, ਰਸੋਈਆ, ਸਫਾਈ ਸੇਵਕ, ਸੁਰੱਖਿਆ ਗਾਰਡ ਅਤੇ ਮੈਡੀਕਲ ਟੀਮ ਤਾਇਨਾਤ ਰਹੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ, ਲੋੜਵੰਦ ਪਰਿਵਾਰਾਂ ਅਤੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਜੋ ਵੀ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ, ਉਹ ਆਪਣਾ ਆਧਾਰ ਕਾਰਡ ਨਾਲ ਲੈ ਕੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਜਾਂ ਆਪਣੇ ਬਲਾਕ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.ਓ) ਕੋਲ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ। ਵਧੇਰੇ ਜਾਣਕਾਰੀ ਲਈ ਬਿਰਧ ਘਰ ਦੇ ਮੋਬਾਇਲ ਨੰਬਰ 87280-45025 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ “ਆਓ ਅਸੀਂ ਮਿਲ ਕੇ ਇਹ ਯਕੀਨੀ ਬਣਾਈਏ ਕਿ ਪੰਜਾਬ ਦੀ ਧਰਤੀ ‘ਤੇ ਕੋਈ ਵੀ ਮਾਂ ਜਾਂ ਪਿਉ ਬਿਨਾਂ ਸਹਾਰੇ ਨਾ ਰਹਿ ਜਾਵੇ।”














