ਹੁਸ਼ਿਆਰਪੁਰ, 13 ਨਵੰਬਰ 2025 AJ DI Awaaj
Punjab Desk : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਆਪਣੇ ਸਮਾਜ ਭਲਾਈ ਦੇ ਉਦੇਸ਼ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹੇ ਦੀਆਂ ਲੜਕੀਆਂ ਅਤੇ ਮਹਿਲਾਵਾਂ ਵਿਚ ਮਾਹਵਾਰੀ ਸਮੇਂ ਸਿਹਤ ਅਤੇ ਸਫ਼ਾਈ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਕਾਲਜਾਂ, ਵਿੱਦਿਅਕ ਸੰਸਥਾਵਾਂ ਅਤੇ ਬਸਤੀਆਂ ਵਿਚ ਜਾ ਕੇ ਮੁਫ਼ਤ ਸੈਨੇਟਰੀ ਪੈਡਾਂ ਦੀ ਵੰਡ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਾਹਵਾਰੀ ਦੌਰਾਨ ਸਫ਼ਾਈ ਅਤੇ ਸਿਹਤ ਸਬੰਧੀ ਜ਼ਰੂਰੀ ਜਾਣਕਾਰੀ ਵੀ ਸਾਂਝੀ ਕੀਤੀ ਜਾ ਰਹੀ ਹੈ।
ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵੱਲੋਂ ਐਸ.ਡੀ. ਕਾਲਜ, ਹੁਸ਼ਿਆਰਪੁਰ ਵਿਖੇ ਲੱਗਭਗ 200 ਦੇ ਕਰੀਬ ਵਿਦਿਆਰਥਣਾਂ ਨੂੰ ਸੈਨੇਟਰੀ ਪੈਡਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਸਾਡਾ ਉਦੇਸ਼ ਜ਼ਰੂਰਤਮੰਦ ਮਹਿਲਾਵਾਂ ਤੱਕ ਇਹ ਜ਼ਰੂਰੀ ਸਾਮਾਨ ਪਹੁੰਚਾਉਣਾ ਹੀ ਨਹੀਂ ਹੈ, ਸਗੋਂ ਇਸ ਵਿਸ਼ੇ ਨਾਲ ਜੁੜੀਆਂ ਗ਼ਲਤਫਹਿਮੀਆਂ ਨੂੰ ਦੂਰ ਕਰਕੇ ਇਸ ਬਾਰੇ ਖੁੱਲ੍ਹ ਕੇ ਚਰਚਾ ਕਰਨਾ ਵੀ ਹੈ। ਸਿਹਤਮੰਦ ਮਾਹਵਾਰੀ ਇਕ ਸਿਹਤਮੰਦ ਸਮਾਜ ਦੀ ਨੀਂਹ ਹੈ।
ਪ੍ਰਿੰਸੀਪਲ, ਐਸ.ਡੀ ਕਾਲਜ ਡਾ. ਸਵਿਤਾ ਗੁਪਤਾ ਨੇ ਦੱਸਿਆ ਕਿ ਇਹ ਸਿਰਫ਼ ਪੈਡ ਵੰਡਣ ਦੀ ਮੁਹਿੰਮ ਨਹੀਂ, ਬਲਕਿ ਸਾਡੀਆਂ ਬੇਟੀਆਂ ਦੇ ਸਸ਼ਕਤੀਕਰਨ ਦੀ ਲੜੀ ਵਿਚ ਇਕ ਸੁਨਹਿਰੀ ਪੜਾਅ ਹੈ। ਰੈੱਡ ਕਰਾਸ ਦੀ ਇਹ ਪਹਿਲਕਦਮੀ ਵਿਦਿਆਰਥਣਾਂ ਲਈ ਇਕ ਵਰਦਾਨ ਸਾਬਿਤ ਹੋਵੇਗੀ।
ਜੁਆਇੰਟ ਸੈਕਟਰੀ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਦਿੱਤਿਆ ਰਾਣਾ ਨੇ ਦੱਸਿਆ ਕਿ ਇਸ ਸਫਲ ਮੁਹਿੰਮ ਨੂੰ ਜ਼ਿਲ੍ਹੇ ਦੇ ਹੋਰ ਵਿੱਦਿਅਕ ਸੰਸਥਾਵਾਂ ਤੱਕ ਵਿਸਤਾਰਿਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਮਹਿਲਾਵਾਂ ਅਤੇ ਲੜਕੀਆਂ ਨੂੰ ਉਨ੍ਹਾਂ ਦੀ ਹਾਈਜੀਨ ਪ੍ਰਤੀ ਜਾਗਰੂਕ ਕਰਕੇ ਇਕ ਸਿਹਤਮੰਦ ਸਮਾਜ ਦੀ ਨੀਂਹ ਰੱਖੀ ਜਾ ਸਕੇ। ਇਸ ਮੌਕੇ ਗੁਰਪ੍ਰੀਤ ਕੌਰ, ਹੇਮਾ ਪਾਂਡੇ, ਯੋਗੇਸ਼ ਕੁੰਦਰਾ ਤੋਂ ਇਲਾਵਾ ਐਂਸ.ਡੀ. ਕਾਲਜ ਦੀ ਰੈੱਡ ਕਰਾਸ ਕਮੇਟੀ ਦੇ ਮੈਨੈਜਰ ਅਤੇ ਸਹਾਇਕ ਪ੍ਰੋਫੈਸਰ (ਮੈਨੈਜਮੈਂਟ) ਡਾ. ਪਰਮਵੀਰ ਸਿੰਘ, ਡਾ. ਗੁਰਚਰਨ ਸਿੰਘ, ਡਾ. ਦੀਪਿਕਾ ਥਾਲੀਆ, ਪ੍ਰੋ. ਮਨਜੀਤ ਕੌਰ, ਪ੍ਰੋ. ਈਸ਼ਾ, ਪ੍ਰੋ. ਮਨੀਸ਼ਾ ਠਾਕੁਰ, ਪ੍ਰੋ. ਹਰਜੋਤ ਕੌਰ ਮੌਜੂਦ ਸਨ।














