ਲੁਧਿਆਣਾ ਬਿਵਰੇਜਿਜ਼ ਵੱਲੋਂ ਰੈੱਡ ਕ੍ਰਾਸ ਨੂੰ ਆਰ.ਓ. ਸਿਸਟਮ ਨਾਲ ਲੈਸ ਪੰਜ ਵਾਟਰ ਕੂਲਰ ਭੇਟ

10

ਹੁਸ਼ਿਆਰਪੁਰ, 21 ਜੁਲਾਈ 2025 AJ DI Awaaj
Punjab Desk :  ਲੁਧਿਆਣਾ ਬਿਵਰੇਜਿਜ਼ ਕੋਕਾ ਕੋਲਾ ਹੁਸ਼ਿਆਰਪੁਰ ਵੱਲੋਂ ਲੋਕ ਭਲਾਈ ਲਈ ਇਕ ਮਹੱਤਵਪੂਰਨ ਯੋਗਦਾਨ ਦਿੰਦਿਆਂ 5 ਵਾਟਰ ਕੂਲਰ, ਜੋ ਰਿਵਰਸ ਆਸਮੋਸਿਸ (ਆਰ. ਓ) ਸਿਸਟਮ ਨਾਲ ਲੈਸ ਹਨ, ਉਨ੍ਹਾਂ ਥਾਵਾਂ ‘ਤੇ ਲਗਾਉਣ ਲਈ ਦਾਨ ਕੀਤੇ ਗਏ ਹਨ ਜਿਥੇ ਲੋਕਾਂ ਦੀ ਆਵਾਜਾਈ ਵੱਧ ਹੈ ਅਤੇ ਸਾਫ ਪੀਣ ਵਾਲੇ ਪਾਣੀ ਦੀ ਲੋੜ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ
ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ ਭੁੱਲਰ ਨੇ ਦੱਸਿਆ ਕਿ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ (ਸੀ.ਐਸ.ਆਰ) ਤਹਿਤ ਕੋਕਾ ਕੋਲਾ ਨੇ ਵਿੰਗਜ਼ ਪ੍ਰਾਜੈਕਟ ਲਈ ਵੀ ਵਿੱਤੀ ਸਹਾਇਤਾ ਦਿੱਤੀ ਹੈ, ਜਿਸ ਦਾ ਉਦੇਸ਼ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਸ਼ਕਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਲੱਗਭਗ ਪਿਛਲੇ  2 ਸਾਲਾਂ ਤੋਂ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਤੇ 9 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ 3 ਮਹਿਲਾ ਹੈਲਪਰਾ ਦੇ ਸਟਾਫ਼ ਨਾਲ 9000 ਤੋਂ ਵੱਧ ਵਿਦਿਆਰਥੀਆਂ ਨੂੰ ਸਰਵਿਸ ਦੇ ਰਹੇ ਹਨ ਅਤੇ ਇਸ ਪ੍ਰੋਜੈਕਟ ਨੂੰ ਸਟੇਟ ਐਵਾਰਡ ਵੀ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਦੀ ਕੁਦਰਤੀ ਆਫ਼ਤ ਦੌਰਾਨ ਮਦਦ ਦੀ ਲੋੜ ਪੈਂਦੀ ਰਹੀ ਹੈ ਤਾਂ ਕੰਪਨੀ ਵਲੋਂ ਪਾਣੀ, ਜੂਸ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਮੁਹੱਈਆ ਕਰਾਈ ਗਈ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਆਮ ਲੋਕਾਂ ਦੀ ਮਦਦ ਕੀਤੀ ਗਈ।
ਸਕੱਤਰ ਜ਼ਿਲ੍ਹਾ ਰੈਡ ਕ੍ਰਾਸ ਮੰਗੇਸ਼ ਸੂਦ ਨੇ ਦੱਸਿਆ ਵਾਟਰ ਕੂਲਰ ਮੁਹੱਈਆ ਕਰਵਾਉਣ ਦੀ ਪਹਿਲ ਕੋਕਾ ਕੋਲਾ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰੇ ਲਈ ਸੰਕਲਪਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਮੁਸ਼ਕਿਲ ਸਮਿਆਂ ਵਿਚ ਪ੍ਰਸ਼ਾਸਨ ਅਤੇ ਰੈੱਡ ਕ੍ਰਾਸ ਸੁਸਾਇਟੀ ਦੀ ਸਹਾਇਤਾ ਕਰਨ ਦੀ ਆਪਣੀ ਲਗਾਤਾਰ ਇੱਛਾ ਦਿਖਾਈ ਹੈ।
ਲੁਧਿਆਣਾ ਬਿਵਰੇਜਿਜ਼ ਕੋਕਾ ਕੋਲਾ ਹੁਸ਼ਿਆਰਪੁਰ ਦੇ ਐਮ.ਡੀ ਉਪਿੰਦਰ ਗੋਇੰਕਾ ਨੇ ਕਿਹਾ ਕਿ ਸਾਨੂੰ ਇਸ ਪਹਿਲ ਰਾਹੀਂ ਲੋਕਾਂ ਦੀ ਸਹਾਇਤਾ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਸਾਡਾ ਮਕਸਦ ਹਮੇਸ਼ਾ ਲੋਕਾਂ ਦੀ ਭਲਾਈ ਲਈ ਯੋਗਦਾਨ ਪਾਉਣਾ ਹੈ। ਇਹ ਕਦਮ ਕੰਪਨੀ ਦੀ ਹੁਸ਼ਿਆਰਪੁਰ ਦੇ ਲੋਕਾਂ ਦੀ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਭਾਈਚਾਰੇ ਦੀਆਂ ਜ਼ਰੂਰਤਾਂ ਵੱਲ ਜ਼ਿੰਮੇਵਾਰ ਪਹੁੰਚ ਦਰਸਾਉਂਦਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਅਤੇ ਰੈੱਡ ਕ੍ਰਾਸ ਦੇ ਜੁਆਇੰਟ ਸਕੱਤਰ ਅਦਿੱਤਿਆ ਰਾਣਾ ਵੀ ਮੌਜੂਦ ਸਨ।