ਪੰਜਾਬ ਦੇ ਪਿੰਡ ਬਣ ਰਹੇ ਨੇ ਹਾਈਟੈੱਕ

10

ਧੂਰੀ/ਸੰਗਰੂਰ, 18 ਫਰਵਰੀ 2026 AJ DI Awaaj

Punjab Desk : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹੁਣ ਪਿੰਡਾਂ ਨੂੰ ਹਾਈਟੈੱਕ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਵਿੱਚ ਹੁਣ ਐਲ.ਈ.ਡੀ. ਲਾਈਟਾਂ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਵਰਗੀਆਂ ਅਤਿ ਆਧੁਨਿਕ ਤਕਨੀਕਾਂ ਵੀ ਸ਼ਾਮਲ ਹੋ ਗਈਆਂ ਹਨ, ਜੋ ਪਿੰਡਾਂ ਨੂੰ ਹੋਰ ਸੁਰੱਖਿਅਤ ਬਣਾ ਰਹੀਆਂ ਹਨ।

ਇਸ ਲੜੀ ਤਹਿਤ ਧੂਰੀ ਹਲਕੇ ਦਾ ਪਿੰਡ ਕੌਲਸੇੜੀ ਇਕ ਉਦਾਹਰਨ ਬਣ ਕੇ ਸਾਹਮਣੇ ਆਇਆ ਹੈ, ਜਿਥੇ ਪਿੰਡ ਵਿੱਚ 14 ਲੱਖ ਰੁਪਏ ਦੀ ਲਾਗਤ ਨਾਲ 175 ਸੋਲਰ ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਪਿੰਡ ਦੀਆਂ ਗਲੀਆਂ ਅਤੇ ਸੜਕਾਂ ਰਾਤ ਸਮੇਂ ਰੌਸ਼ਨ ਹੋ ਰਹੀਆਂ ਹਨ। ਇਸ ਦੇ ਨਾਲ ਹੀ 5 ਲੱਖ ਰੁਪਏ ਦੀ ਲਾਗਤ ਨਾਲ 26 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਜਿਸ ਨਾਲ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਹੋਏ ਹਨ।

ਪਿੰਡ ਕੌਲਸੇੜੀ ਦੇ ਸਰਪੰਚ ਵੀਰਪਾਲ ਕੌਰ ਨੇ ਦੱਸਿਆ ਕਿ ਪਿੰਡ ਦੀ ਫਿਰਨੀ ’ਤੇ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਆਵਾਜਾਈ ਸੁਖਾਲੀ ਹੋਵੇਗੀ। ਇਸ ਤੋਂ ਇਲਾਵਾ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ 32 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਤਹਿਤ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ, ਜੋ ਸਫਾਈ ਅਤੇ ਵਾਤਾਵਰਣ ਸੁਰੱਖਿਆ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸ਼ਹੀਦ ਮਨਿੰਦਰ ਸਿੰਘ ਦੀ ਯਾਦ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਯਾਦਗਾਰੀ ਗੇਟ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 10 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਧਰਮਸ਼ਾਲਾ ਦਾ ਨਿਰਮਾਣ ਵੀ ਜਾਰੀ ਹੈ।

ਸਰਪੰਚ ਨੇ ਦੱਸਿਆ ਕਿ ਪਿੰਡ ਦਾ ਟੋਭਾ ਜਿਸ ਵਿੱਚ ਮਮਟੀ ਵੀ ਬਣਾਈ ਗਈ ਹੈ, ਉਹ ਆਲੇ-ਦੁਆਲੇ ਦੇ ਪਿੰਡਾਂ ਲਈ ਵੀ ਖਿੱਚ ਦਾ ਕੇਂਦਰ ਬਣ ਗਈ ਹੈ। ਸਰਪੰਚ ਵੀਰਪਾਲ ਕੌਰ ਨੇ ਦੱਸਿਆ ਕਿ ਟੋਭੇ ’ਤੇ ਹੁਣ ਲੋਕ ਖ਼ੁਸ਼ੀ ਦੇ ਸਮਾਗਮਾਂ ’ਤੇ ਤਸਵੀਰਾਂ ਖਿੱਚਵਾਉਣ ਵੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਹੋਰ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।

ਬੀ.ਡੀ.ਪੀ.ਓ. ਧੂਰੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਧੂਰੀ ਬਲਾਕ ਦੇ ਹੋਰ ਪਿੰਡਾਂ ਵਿੱਚ ਵੀ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਸੋਲਰ ਐਲ.ਈ.ਡੀ. ਲਾਈਟਾਂ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਜਾਰੀ ਹੈ, ਤਾਂ ਜੋ ਪਿੰਡਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਆਧੁਨਿਕ ਬਣਾਇਆ ਜਾ ਸਕੇ।

ਪਿੰਡ ਵਾਸੀਆਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ’ਤੇ ਖ਼ੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਪਿੰਡ ਦੀ ਤਸਵੀਰ ਬਦਲ ਰਹੀ ਹੈ।