ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ

31
ਬਰਨਾਲਾ, 7 ਅਕਤੂਬਰ 2025 AJ DI Awaaj
Punjab Desk : ਨਾਬਾਰਡ ਦੀ ਮਦਦ ਨਾਲ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਬਰਨਾਲਾ ਵੱਲੋਂ ਪਿੰਡ ਠੀਕਰੀਵਾਲ ਦੇ 90 ਸਵੈ-ਸਹਾਇਤਾ ਸਮੂਹ ਦੇ ਮੈਂਬਰ ਨੂੰ ਬੇਕਰੀ ਦੇ ਉਤਪਾਦ ਬਣਾਉਣ ਸਬੰਧੀ ਸਿਖ਼ਲਾਈ ਦਿੱਤੀ ਗਈ ਹੈ । ਇਨ੍ਹਾਂ ਸਮੂਹ ਮੈਂਬਰਾਂ ਨੂੰ ਸਿਖ਼ਲਾਈ ਦੇਣ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੀ ਅਗਵਾਈ ਹੇਠ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਬਰਨਾਲਾ ਵੱਲੋਂ ਇਨ੍ਹਾਂ ਸਵੈ ਸੇਵੀ ਗਰੁੱਪਾਂ ਨੂੰ ਬੇਕਰੀ ਉਤਪਾਦ ਬਣਾਉਣ ਸਬੰਧੀ ਕਾਰੋਬਾਰ ਸਥਾਪਤ ਕਰਨ ‘ਚ ਮਦਦ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸਤਵੰਤ ਸਿੰਘ ਨੇ ਦੱਸਿਆ ਕਿ ਟ੍ਰੇਨਿੰਗ ਸਮਾਪਤ ਹੋਣ ਉਪਰੰਤ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ। ਉਨ੍ਹਾਂ ਕਿਹਾ ਕਿ ਆਜੀਵਿਕਾ ਮਿਸ਼ਨ ਬਰਨਾਲਾ ਵੱਲੋਂ ਉਤਪਾਦ ਦੀ ਬ੍ਰੈਂਡਿੰਗ, ਵੇਚਣ, ਲੋਗੋ ਬਣਾਉਣਾ ਅਤੇ ਕਾਰੋਬਾਰ ਸਥਾਪਤ ਕਰਨ ਲਈ ਕਰਜ਼ਾ ਲੈਣ ਸਬੰਧੀ ਸਵੈ ਸੇਵੀ ਸੰਸਥਾ ਠੀਕਰੀਵਾਲ ਦੀ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਗਰੁੱਪ ਨੂੰ ਫ਼ੂਡ ਲਾਇਸੈਂਸ ਦਵਾਉਣ, ਸਰਕਾਰੀ ਲੈਬੋਰੇਟਰੀ ਤੋਂ ਪੌਸ਼ਟਿਕ ਤੱਤਾਂ ਸਬੰਧੀ ਸਰਟੀਫ਼ਿਕੇਟ ਆਦਿ ਅਪਲਾਈ ਕਰਨਾ ਅਤੇ ਜਾਰੀ ਕਰਵਾਉਣ ‘ਚ ਵੀ ਮਦਦ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਾਬਾਰਡ ਵੱਲੋਂ ਮਹਿਲਾ ਕਲਿਆਣ ਸਮਿਤੀ ਮੋਹਾਲੀ ਦੇ ਸਹਿਯੋਗ ਨਾਲ ਇਹ ਸਿਖ਼ਲਾਈ ਦਿੱਤੀ ਗਈ ਹੈ। ਸਿਖ਼ਲਾਈ ਦੌਰਾਨ ਸਮੂਹ ਮੈਂਬਰਾਂ ਨੂੰ ਬਿਸਕੁਟ, ਪੀਜ਼ਾ, ਕੇਕ ਅਤੇ ਹੋਰ ਚੀਜ਼ਾਂ ਬਣਾਉਣ ਸਬੰਧੀ ਸਿਖ਼ਲਾਈ ਦਿੱਤੀ ਗਈ ਹੈ ।
ਸਰਟੀਫ਼ਿਕੇਟ ਵੰਡ ਦੇ ਮੌਕੇ ਨਾਬਾਰਡ ਡੀ ਡੀ ਐਮ ਸ਼੍ਰੀ ਗੁਰਪ੍ਰੀਤ ਸਿੰਘ, ਐੱਲ ਡੀ ਐਮ ਬਰਨਾਲਾ ਸ਼੍ਰੀ ਗੁਰਪ੍ਰਮਿੰਦਰ ਸਿੰਘ, ਡੀ ਪੀ ਐੱਮ ਆਜੀਵਿਕਾ ਮਿਸ਼ਨ ਬਰਨਾਲਾ ਰਮਣੀਕ, ਡੀ ਐਫ ਐੱਮ ਅਮਨਦੀਪ ਸਿੰਘ ਖਾਰਾ, ਜ਼ਿਲ੍ਹਾ ਅਕਾਊਂਟੈਂਟ ਸੰਜੀਵ ਤਾਇਲ, ਬੀ ਪੀ ਐੱਮ ਗੁਰਵਿੰਦਰ ਕੌਰ, ਬੀ ਪੀ ਐੱਮ ਸਹਿਣਾ ਅਤੇ ਮਹਿਲ ਕਲਾਂ ਗੁਰਦੀਪ ਸਿੰਘ ਵੀ ਹਾਜ਼ਰ ਸਨ।