Mohali 15 Jan 2026 AJ DI Awaaj
Punjab Desk : ਮੋਹਾਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮੋਹਾਲੀ ਦੀਆਂ 24 ਤੋਂ ਵੱਧ ਕੋ-ਆਪ੍ਰੇਟਿਵ ਸੁਸਾਇਟੀਆਂ ਲਈ ਸਟੈਂਪ ਡਿਊਟੀ 8 ਫ਼ੀਸਦੀ ਤੋਂ ਘਟਾ ਕੇ 1 ਫ਼ੀਸਦੀ ਕਰ ਦਿੱਤੀ ਹੈ।
ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹਿਰ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਹੋ ਰਹੇ ਹਨ ਅਤੇ ਮੋਹਾਲੀ ਨੂੰ ਇੱਕ ਵੱਡੇ ਕਾਰੋਬਾਰੀ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਕੋਈ ਮੋਹਾਲੀ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਅਤੇ ਘਰ ਬਣਾਉਣਾ ਚਾਹੁੰਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਮੋਹਾਲੀ ਵਿੱਚ ਰਜਿਸਟ੍ਰੇਸ਼ਨ ਲਈ ਸਟੈਂਪ ਡਿਊਟੀ ਬਹੁਤ ਜ਼ਿਆਦਾ ਹੈ। ਇਸ ਮਾਮਲੇ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ ਗਿਆ, ਜਿਸ ’ਤੇ ਸਹਿਮਤੀ ਮਿਲਣ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ।
ਉਨ੍ਹਾਂ ਮੁਤਾਬਕ, 31 ਜਨਵਰੀ ਤੱਕ ਲੋਕਾਂ ਨੂੰ ਸਿਰਫ਼ 1 ਫ਼ੀਸਦੀ ਸਟੈਂਪ ਡਿਊਟੀ ਦੇ ਕੇ ਰਜਿਸਟ੍ਰੇਸ਼ਨ ਕਰਵਾਉਣ ਦਾ ਮੌਕਾ ਮਿਲੇਗਾ, ਜਦਕਿ ਫਰਵਰੀ ਮਹੀਨੇ ਤੋਂ ਇਹ ਦਰ 2 ਫ਼ੀਸਦੀ ਹੋ ਜਾਵੇਗੀ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰਾਹਤ ਦਾ ਲਾਭ ਲੈਂਦਿਆਂ ਜਲਦੀ ਤੋਂ ਜਲਦੀ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ।












