ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਵੱਲੋਂ ਨਹੀਂ ਛੱਡੀ ਜਾ ਰਹੀ ਕੋਈ ਕਸਰ

27

ਮੂਨਕ, 05 ਸਤਬੰਰ 2025 AJ Di Awaaj

Punjab Desk : ਘੱਗਰ ਦਰਿਆ ਕਾਰਨ ਪੈਦਾ ਹੋਈ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਬੋਰੀਆਂ ਭਰਨ ਤੇ ਲੋੜ ਮੁਤਾਬਕ ਉਹਨਾਂ ਦੇ ਵਰਤੋਂ ਦਾ ਕੰਮ ਲਗਾਤਾਰ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ 24 ਘੰਟੇ ਘੱਗਰ ਦਰਿਆ ਦੇ ਖੇਤਰ ਵਿੱਚ ਕਾਰਜਸ਼ੀਲ ਹਨ। ਇਸ ਦੇ ਨਾਲ-ਨਾਲ ਆਮ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਜਿੰਨੇ ਵੱਡੇ ਪੱਧਰ ਉੱਤੇ ਸਹਿਯੋਗ ਦਿੱਤਾ ਜਾ ਰਿਹਾ ਹੈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ, ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਘੱਗਰ ਦਰਿਆ ਦਾ ਮਕਰੌੜ ਸਾਹਿਬ, ਕੜੈਲ, ਮੂਨਕ ਬੰਨ੍ਹ, ਚਾਦੂੰ ਬੰਨ੍ਹ, ਫੂਲਦ ਸਮੇਤ ਵੱਖ ਵੱਖ ਥਾਵਾਂ ‘ਤੇ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਨਾਲ ਵੀ ਗੱਲਬਾਤ ਕੀਤੀ।

ਸ਼੍ਰੀ ਗੋਇਲ ਨੇ ਦੱਸਿਆ ਕਿ ਘੱਗਰ ਦਰਿਆ ਨੇੜਲੇ ਸ਼ਹਿਰਾਂ ਤੇ ਪਿੰਡਾਂ ਲਈ 05 ਰਾਹਤ ਕੈਂਪ ਵੱਖ-ਵੱਖ ਥਾਂ ਬਣਾਏ ਗਏ ਹਨ ਤੇ ਬਕਾਇਦਾ ਵੱਖ ਵੱਖ ਅਧਿਕਾਰੀਆਂ ਨੂੰ ਕੈਂਪਾਂ ਦਾ ਇੰਚਾਰਜ ਲਾਇਆ ਲਿਆ ਗਿਆ ਹੈ।

ਪਿੰਡ ਰਾਮਪੁਰਾ ਗੁੱਜਰਾਂ, ਹਾਂਡਾ, ਕੁੰਦਨੀ, ਫੂਲਦ, ਘਮੂਰਘਾਟ ਅਤੇ ਗਨੇਟਾ ਸਬੰਧੀ ਰਾਹਤ ਕੈਂਪ ਸਰਕਾਰੀ ਹਾਈ ਸਕੂਲ, ਰਾਮਪੁਰਾ ਗੁਜਰਾ ਵਿਖੇ ਬਣਾਇਆ ਗਿਆ ਹੈ, ਜਿਸ ਦੇ ਇੰਚਾਰਜ ਅਮਨਦੀਪ ਸਿੰਘ, ਸਕੱਤਰ, ਮਾਰਕਿਟ ਕਮੇਟੀ, ਮੂਨਕ, (98145-52212) ਨੂੰ ਲਾਇਆ ਗਿਆ ਹੈ।

ਮੂਨਕ ਸ਼ਹਿਰ, ਪਿੰਡ ਕਬੀਰਪੁਰ, ਵਜੀਦਪੁਰ, ਕੜੈਲ ਅਤੇ ਸਲੇਮਗੜ੍ਹ ਸਬੰਧੀ ਰਾਹਤ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੜਕੇ, ਮੂਨਕ ਵਿਖੇ ਬਣਾਇਆ ਗਿਆ ਹੈ, ਜਿਸ ਦੇ ਇੰਚਾਰਜ ਬਲਜਿੰਦਰ ਸਿੰਘ, ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਮੂਨਕ, (98885-18255) ਨੂੰ ਲਾਇਆ ਗਿਆ ਹੈ।

ਹਮੀਰਗੜ੍ਹ, ਸੁਰਜਣਭੈਣੀ, ਭੂੰਦੜਭੈਣੀ, ਬੁਸੈਹਰਾ ਅਤੇ ਬੰਗਾਂ ਲਈ ਰਾਹਤ ਕੈਂਪ ਲਾਡਰ ਸ਼ਿਵਾ ਸਕੂਲ, ਹਮੀਰਗੜ੍ਹ ਵਿਖੇ ਬਣਾਇਆ ਗਿਆ ਹੈ ਤੇ ਇਸ ਦੇ ਇੰਚਾਰਜ ਗੁਰਵਿੰਦਰ ਸਿੰਘ, ਸੀ.ਡੀ.ਪੀ.ਓ., ਮੂਨਕ, (94178-28680) ਨੂੰ ਲਾਇਆ ਗਿਆ ਹੈ।

ਮੰਡਵੀ, ਮਕਰੌੜ ਸਾਹਿਬ, ਚਾਦੂੰ, ਸ਼ਾਹਪੁਰਖੇੜੀ ਅਤੇ ਅਨਦਾਨਾ ਲਈ ਰਾਹਤ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੰਡਵੀ, ਵਿਖੇ ਬਣਾਇਆ ਗਿਆ ਹੈ, ਜਿਸ ਦੇ ਇੰਚਾਰਜ ਸ਼੍ਰੀ ਵਿਨੋਦ ਕੁਮਾਰ ਜੋਸ਼ੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਅਨਦਾਨਾ ਐਟ ਮੂਨਕ (97814-15006) ਨੂੰ ਲਾਇਆ ਗਿਆ ਹੈ।

ਖਨੌਰੀ, ਬਨਾਰਸੀ, ਬਾਉਪੁਰ, ਹੋਤੀਪੁਰ ਅਤੇ ਨਵਾਗਾਓ ਸਬੰਧੀ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ, ਸਕੂਲ, ਖਨੌਰੀ ਵਿਖੇ ਰਾਹਤ ਕੈਂਪ ਬਣਾਇਆ ਗਿਆ ਹੈ, ਜਿਸ ਦੇ ਇੰਚਾਰਜ ਮੋਹਿਤ ਕੁਮਾਰ, ਸਕੱਤਰ, ਮਾਰਕਿਟ ਕਮੇਟੀ ਖਨੌਰੀ (97801-07977) ਨੂੰ ਲਾਇਆ ਗਿਆ ਹੈ।

ਦਰਿਆ ਦੇ ਆਲੇ ਦੁਆਲੇ ਦੇ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, 15 ਸੰਵੇਦਨਸ਼ੀਲ ਥਾਵਾਂ, ਜਿੱਥੇ 2023 ਵਿੱਚ ਪਾੜ ਪਿਆ ਸੀ ਅਤੇ ਦਰਿਆ ਦੇ ਨਾਲ ਲੱਗਦੇ ਹੋਰ ਸਥਾਨਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਜੰਬੋ ਬੈਗਾਂ ਸਮੇਤ ਰੇਤ ਦੀਆਂ ਬੋਰੀਆਂ ਨਾਲ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਗਿਆ ਹੈ ਤੇ ਠੀਕਰੀ ਪਹਿਰੇ ਵੀ ਲਾਏ ਜਾ ਰਹੇ ਹਨ।

ਡਰੇਨੇਜ ਵਿਭਾਗ, ਮਾਲ ਵਿਭਾਗ, ਮੰਡੀ ਬੋਰਡ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ, ਸਥਾਨਕ ਪਿੰਡ ਵਾਸੀਆਂ ਸਮੇਤ, ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਲਗਾਤਾਰ ਇਨ੍ਹਾਂ ਸੰਵੇਦਨਸ਼ੀਲ ਥਾਵਾਂ ਦੀ ਨਿਗਰਾਨੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਰਾਤ ਦੇ ਸਮੇਂ ਦਰਿਆ ਦੇ ਕੰਢਿਆਂ ‘ਤੇ ਪੁਲਿਸ ਗਸ਼ਤ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਉਹਨਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਡਰੇਨੇਜ ਵਿਭਾਗ ਨਾਲ 87250-29785 ‘ਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ 01672-234196 ‘ਤੇ ਜਾਂ ਮੂਨਕ ਕੰਟਰੋਲ ਰੂਮ ਨਾਲ 97802-95132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਪੀ.ਏ. ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ।