ਮਲੋਟ, 13 ਮਈ 2025 Aj DI Awaaj
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹੱਕਾਂ ਦੀ ਡੱਟ ਕੇ ਰਾਖੀ ਕਰ ਰਹੀ ਹੈ ਅਤੇ ਕਿਸੇ ਵੀ ਕੀਮਤ ‘ਤੇ ਪੰਜਾਬ ਦੇ ਪਾਣੀਆਂ ‘ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਬਾਜ਼ਾਰ ਵਿੱਚ ਲਗਾਤਾਰ ਦੂਜੇ ਦਿਨ ਲੋਕ ਮਸਲੇ ਸੁਣਨ ਲਈ ਰੱਖੀ ਮੀਟਿੰਗ ਦੌਰਾਨ ਕੀਤਾ। ਲੋਕ ਮਿਲਣੀ ਦੌਰਾਨ ਕੈਬਨਟ ਮੰਤਰੀ ਨੇ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਦੇ ਜ਼ਿਆਦਾਤਰ ਮਸਲੇ ਅਤੇ ਸ਼ਿਕਾਇਤਾਂ ਮੌਕੇ ‘ਤੇ ਹੀ ਹੱਲ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਸਮਾਂਬੱਧ ਅਤੇ ਜਵਾਬਦੇਹ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਇਸ ਤਰ੍ਹਾਂ ਮੰਤਰੀ ਡਾ. ਬਲਜੀਤ ਕੌਰ ਵੱਲੋਂ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਪੰਜਾਬ ਦਾ ਵਡਮੁੱਲਾ ਪਾਣੀ ਬੀਬੀਐਮਬੀ ਜ਼ਰੀਏ ਲੁੱਟਣਾ ਚਾਹੁੰਦੀਆਂ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਾਰੀ ਕੈਬਨਿਟ ਇਸ ਲੁੱਟ ਦਾ ਡੱਟ ਕੇ ਵਿਰੋਧ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨੰਗਲ ਡੈਮ ‘ਤੇ ਪਹੁੰਚ ਕੇ ਬੀਐਮਬੀ ਦੇ ਅਧਿਕਾਰੀਆਂ ਨੂੰ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਵਰਜ ਰਹੇ ਹਨ ਅਤੇ ਨਾਲ ਹੀ ਪੰਜਾਬ ਸਰਕਾਰ ਦੇ ਹੋਰ ਮੰਤਰੀ ਵੀ ਲਗਾਤਾਰ ਸੂਬੇ ਦੇ ਹੱਕਾਂ ਲਈ ਧਰਨਾ ਦੇ ਰਹੇ ਹਨ।ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਡਾਕਾ ਪੈਣ ਨਾਲ ਮਲੋਟ ਵਰਗੇ ਹਲਕੇ ਜੋ ਕਿ ਨਹਿਰਾਂ ਦੀਆਂ ਟੇਲਾਂ ਤੇ ਪੈਂਦੇ ਹਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ ਕਿ ਜੇਕਰ ਖੇਤੀਬਾੜੀ ਲਈ ਪੰਜਾਬ ਨੂੰ ਲੋੜੀਦਾ ਨਹਿਰੀ ਪਾਣੀ ਨਾ ਮਿਲਿਆ ਤਾਂ ਇਥੋਂ ਦੀ ਉਪਜਾਊ ਧਰਤੀ ਮਾਰੂਥਲ ਵੀ ਬਣ ਸਕਦੀ ਹੈ।
