ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ: ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ

71

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਫ਼ਤਹਿਗੜ੍ਹ ਸਾਹਿਬ
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਦੀ ਅਚਨਚੇਤ ਚੈਕਿੰਗ
10 ਬੈੱਡਾਂ ਵਾਲੇ ਨਸ਼ਾ ਛੁਡਾਊ ਕੇਂਦਰ ਵਿੱਚ 07 ਨਸ਼ਾ ਪੀੜਤ ਮਰੀਜ਼ ਦਾਖਲ
ਜ਼ਿਲ੍ਹੇ ਵਿੱਚ 50 ਬੈੱਡਾਂ ਦਾ ਮੁੜ ਵਸੇਬਾ ਕੇਂਦਰ ਵੀ ਕਾਰਜਸ਼ੀਲ
ਜ਼ਿਲ੍ਹੇ ਦੇ 18 ਓਟ ਕਲੀਨਿਕਾਂ ਵਿੱਚੋਂ ਕਰੀਬ 06 ਹਜ਼ਾਰ ਨਸ਼ਾ ਪੀੜਤ ਲੈ ਰਹੇ ਨੇ ਦਵਾਈ
ਫ਼ਤਹਿਗੜ੍ਹ ਸਾਹਿਬ, 27 ਫਰਵਰੀ 2025 Aj Di Awaaj
ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ ਤੇ ਨਸ਼ਾ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਨਸ਼ਾ ਛੁਡਾਊ ਕੇਂਦਰ ਜ਼ਿਲ੍ਹਾ ਹਸਪਤਾਲ ਵਿਖੇ ਕਾਰਜਸ਼ੀਲ ਹੈ, ਜਿੱਥੇ 10 ਬੈੱਡਾਂ ਦੀ ਸਮਰੱਥਾ ਹੈ ਤੇ ਇਸ ਵੇਲੇ 07 ਨਸ਼ਾ ਪੀੜਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ-ਨਾਲ ਜ਼ਿਲ੍ਹੇ ਵਿੱਚ 50 ਬੈੱਡਾਂ ਦਾ ਮੁੜ ਵਸੇਬਾ ਕੇਂਦਰ ਵੀ ਬ੍ਰਾਹਮਣਮਾਜਰਾ, ਸਰਹਿੰਦ ਵਿਖੇ ਕਾਰਜਸ਼ੀਲ ਹੈ, ਜਿੱਥੇ ਇਸ ਵੇਲੇ 10 ਨਸ਼ਾ ਪੀੜਤ ਦਾਖਲ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚਲੇ 18 ਓਟ ਕਲੀਨਿਕਾਂ ਤੋਂ ਕਰੀਬ 06 ਹਜ਼ਾਰ ਨਸ਼ਾ ਪੀੜਤ ਆਪਣੀ ਦਵਾਈ ਲੈ ਕੇ ਇਲਾਜ ਕਰਵਾ ਰਹੇ ਹਨ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਹਸਪਤਾਲ ਵਿਖੇ ਕਾਰਜਸ਼ੀਲ ਨਸ਼ਾ ਛੁਡਾਊ ਕੇਂਦਰ ਦੀ ਅਚਨਚੇਤ ਚੈਕਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਉਨ੍ਹਾਂ ਨੇ ਦਾਖਲ ਨਸ਼ਾ ਪੀੜਤ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਇਲਾਜ ਸਬੰਧੀ ਜਾਣਕਾਰੀ ਲਈ ਤਾਂ ਸਾਰਿਆਂ ਨੇ ਇਲਾਜ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਨਸ਼ਾ ਛੁਡਾਊ ਕੇਂਦਰ ਦੇ ਰੰਗ ਰੋਗਨ, ਸੀਲਿੰਗ ਨੂੰ ਠੀਕ ਕਰਨ ਅਤੇ ਸਾਫ਼ ਸਫ਼ਾਈ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਨਾਲ ਇਲਾਜ ਲਈ ਵਰਤੀਆਂ ਜਾਂਦੀਆਂ ਕਿੱਟਾਂ ਤੇ ਦਵਾਈਆਂ ਦੀ ਵਿਸਥਾਰਿਤ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਇਸ ਕੇਂਦਰ ਦੇ ਸੰਚਾਲਨ ਸਬੰਧੀ ਕੋਈ ਦਿੱਕਤ ਦਰਪੇਸ਼ ਹੈ ਜਾਂ ਕੋਈ ਚੀਜ਼ ਲੋੜੀਂਦੀ ਹੈ ਤਾਂ ਉਹ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਪ੍ਰਕਿਰਿਆ ਪੂਰੀ ਹੋਣ ਉਪਰੰਤ ਮਰੀਜ਼ਾਂ ਨੂੰ ਮੁੜ ਵਸੇਬਾ ਕੇਂਦਰ ਵਿੱਚ ਦਾਖਲ ਕੀਤਾ ਜਾਂਦਾ ਹੈ, ਜਿੱਥੇ ਉਹਨਾਂ ਨੂੰ ਵੱਖੋ-ਵੱਖ ਗਤੀਵਿਧੀਆਂ ਰਾਹੀਂ ਸੁਚੱਜੀ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ ਜਾਂਦਾ ਹੈ। ਇਹਨਾਂ ਗਤੀਵਿਧੀਆਂ ਵਿੱਚ ਵੱਖ-ਵੱਖ ਕਿੱਤਾ ਮੁਖੀ ਗਤੀਵਿਧੀਆਂ ਅਤੇ ਹੁਨਰ ਵਿਕਾਸ ਦੇ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ। ਇਸ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਲਈ ਉਹਨਾਂ ਨੂੰ ਖੇਡਾਂ ਨਾਲ ਵੀ ਜੋੜਿਆ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਨਸ਼ਾ ਪੀੜਤ ਮਰੀਜ਼ਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਨਹੀਂ ਹੋਈ ਹੁੰਦੀ ਤੇ ਡਾਕਟਰਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਦਾਖਲ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਓਟ ਕਲੀਨਿਕਾਂ, ਜਿਨ੍ਹਾਂ ਦੀ ਗਿਣਤੀ ਜ਼ਿਲ੍ਹੇ ਵਿੱਚ 18 ਹੈ, ਘਰ ਰਹਿੰਦਿਆਂ ਹੀ ਦਵਾਈ ਦਿੱਤੀ ਜਾਂਦੀ ਹੈ। ਅਜਿਹੇ ਮਰੀਜ਼ ਓਟ ਕਲੀਨਿਕਾਂ ਵਿੱਚ ਆ ਕੇ ਦਵਾਈ ਲੈ ਕੇ ਵਾਪਸ ਘਰ ਚਲੇ ਜਾਂਦੇ ਹਨ।

ਇਸ ਚੈਕਿੰਗ ਮੌਕੇ ਡੀ.ਐਮ.ਸੀ. ਡਾ. ਸਰਿਤਾ, ਐਸ.ਐਮ.ਓ. ਡਾ. ਕੇਡੀ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ, ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।