ਫਰੀਦਕੋਟ 20 ਅਗਸਤ 2025 AJ DI Awaaj
Punjab Desk : ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐਸ) ਦੀ ਤਾਰੀਖ 31 ਅਗਸਤ, 2025 ਤੱਕ ਵਧਾ ਦਿੱਤੀ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ ਘੱਟ ਜੁਰਮਾਨੇ ਦੇ ਨਾਲ ਬਕਾਇਆ ਟੈਕਸ ਅਦਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਸਕੀਮ ਜੋ ਕਿ ਪਹਿਲਾਂ 15 ਅਗਸਤ ਤੱਕ ਲਾਗੂ ਸੀ, ਨੂੰ 31 ਅਗਸਤ, 2025 ਤੱਕ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਾਇਦਾਦ ਮਾਲਕਾਂ ਲਈ ਹੁਣ 31 ਅਗਸਤ ਤੱਕ ਬਕਾਇਆ ਪ੍ਰਾਪਰਟੀ ਟੈਕਸ ਜ਼ਮ੍ਹਾਂ ਕਰਾਉਣ ‘ਤੇ ਵਿਆਜ ਪੈਨਲਟੀ ਮੁਆਫ਼ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਹ ਸਕੀਮ ਸਮੁੱਚੇ ਅਦਾਇਗੀ ਨਾ ਕੀਤੇ ਅਤੇ ਅੰਸ਼ਕ ਤੌਰ ’ਤੇ ਅਦਾ ਕੀਤੇ ਗਏ ਪ੍ਰਾਪਰਟੀ ਟੈਕਸਾਂ ’ਤੇ ਲਾਗੂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਾਇਦਾਦ ਮਾਲਕ ਭੁਗਤਾਨ ਦੀ ਸਮਾਂ-ਸੀਮਾ ਦੇ ਆਧਾਰ ’ਤੇ ਵਿਆਜ ਅਤੇ ਜੁਰਮਾਨੇ ’ਤੇ ਛੋਟ ਦੇ ਨਾਲ ਆਪਣੇ ਬਕਾਇਆ ਟੈਕਸਾਂ ਦਾ ਭੁਗਤਾਨ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਓ.ਟੀ.ਐਸ ਸਕੀਮ ਸ਼ੁਰੂ ਵਿੱਚ 15 ਮਈ ਤੋਂ 15 ਅਗਸਤ, 2025 ਤੱਕ ਉਪਲੱਬਧ ਸੀ, ਜਿਸਨੂੰ 31 ਅਗਸਤ, 2025 ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 31 ਅਗਸਤ, 2025 ਤੋਂ ਬਾਅਦ, ਬਕਾਇਆ ਪ੍ਰਾਪਰਟੀ ਟੈਕਸ ਭੁਗਤਾਨਾਂ ’ਤੇ 50 ਫੀਸਦੀ ਜੁਰਮਾਨਾ ਲਾਗੂ ਹੋ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਜਾਇਦਾਦ ਮਾਲਕ ਪੂਰਾ ਜੁਰਮਾਨਾ ਅਤੇ ਵਿਆਜ ਅਦਾ ਕੀਤੇ ਬਿਨਾਂ ਆਪਣੇ ਬਕਾਇਆ ਟੈਕਸਾਂ ਦਾ ਨਿਪਟਾਰਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਪ੍ਰਾਪਰਟੀ ਮਾਲਕਾਂ ਨੂੰ ਆਪਣੇ ਬਕਾਏ ਦਾ ਭੁਗਤਾਨ ਕਰਨ ਅਤੇ ਹੋਰ ਜੁਰਮਾਨਿਆਂ ਤੋਂ ਬਚਣ ਲਈ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਜਿਲ੍ਹਾ ਵਾਸੀ MSeva ਪੋਰਟਲ (mseva.lgpunjab.gov.in) ਰਾਹੀਂ ਆਪਣੇ ਟੈਕਸ ਆਨਲਾਈਨ ਅਦਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਜਾਇਦਾਦਾਂ ਦੇ ਮਾਲਕਾਂ ਲਈ ਆਪਣਾ ਪ੍ਰਾਪਰਟੀ ਟੈਕਸ ਰਿਟਰਨ ਭਰਨਾ ਲਾਜ਼ਮੀ ਹੈ। ਇਸ ਮੌਕੇ ਸ੍ਰੀ ਅੰਮ੍ਰਿਤ ਲਾਲ ਈ.ਓ ਫਰੀਦਕੋਟ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
