25 ਅਕਤੂਬਰ 2025 ਅਜ ਦੀ ਆਵਾਜ਼
Punjab Desk: ਸੰਗਰੂਰ ਜ਼ਿਲ੍ਹੇ ਦੇ ਫਗੂਵਾਲਾ ਪਿੰਡ ਵਿੱਚ ਤਣਾਅ ਉਸ ਸਮੇਂ ਵੱਧ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਕੈਨੇਡੀਅਨ ਨਾਗਰਿਕ ਜਗਮਾਨ ਸਮਰਾ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਤਿੰਨ ਸਥਾਨਕ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਮਿਲੀ ਜਾਣਕਾਰੀ ਮੁਤਾਬਕ, ਪਿੰਡ ਵਿੱਚ ਇਸ ਕਾਰਵਾਈ ਤੋਂ ਬਾਅਦ ਡਰ ਤੇ ਗੁੱਸੇ ਦਾ ਮਾਹੌਲ ਬਣ ਗਿਆ ਅਤੇ ਤਿੰਨ ਪਰਿਵਾਰਾਂ ਨੇ ਵਿਰੋਧ ਵਜੋਂ ਆਪਣੇ ਘਰ ਖਾਲੀ ਕਰ ਦਿੱਤੇ। ਪੁਲਿਸ ਵੱਲੋਂ ਰਵਿੰਦਰ ਸਿੰਘ ਰਵੀ, ਰੁਪਿੰਦਰ ਸਿੰਘ ਰੋਮੀ ਅਤੇ ਜਸਵਿੰਦਰ ਸਿੰਘ ਜੱਸੀ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਗ੍ਰਿਫਤਾਰੀਆਂ ਪਿੰਡ ਵਾਸੀਆਂ ਵਿੱਚ ਗੁੱਸੇ ਦਾ ਕਾਰਨ ਬਣੀਆਂ, ਜਿਸ ਤੋਂ ਬਾਅਦ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦਾ ਜਗਮਾਨ ਸਮਰਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਸਿਰਫ਼ ਖੇਤੀਬਾੜੀ ਤੇ ਹੋਰ ਕਾਨੂੰਨੀ ਧੰਧਿਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਦੋਸ਼ ਸੀ ਕਿ ਇਹ ਗ੍ਰਿਫਤਾਰੀਆਂ ਝੂਠੇ ਇਲਜ਼ਾਮਾਂ ‘ਤੇ ਤੇ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਕੀਤੀਆਂ ਗਈਆਂ ਹਨ।
ਗੋਲਡੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਨੌਜਵਾਨਾਂ ਨੂੰ ਤੁਰੰਤ ਰਿਹਾ ਨਾ ਕੀਤਾ ਗਿਆ ਤਾਂ ਪਿੰਡ ਵਾਸੀ ਇਹ ਵਿਰੋਧ ਰਾਜ ਪੱਧਰ ‘ਤੇ ਵਧਾਉਣਗੇ।














