ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

5

30October 2025 Aj Di Awaaj

Punjab Desk ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਟਿਆਲਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ 75 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਲਾਈਟ ਐਂਡ ਸਾਊਂਡ ਸ਼ੋਅ, ਦੂਰ-ਦੁਰੇ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਰਹਿਣ ਦੀ ਸਹੂਲਤ ਸਮੇਤ ਕਈ ਹੋਰ ਵਿਕਾਸ ਪ੍ਰੋਜੈਕਟਾਂ ਲਈ ਕਰੀਬ 75 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ।

ਮੰਦਰ ਦੇ ਅੰਦਰ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੰਦਰ ਕਮੇਟੀ ਦੀ ਸਲਾਹ ਅਤੇ ਮੰਗ ਅਨੁਸਾਰ ਭਵਿੱਖ ਵਿੱਚ ਹੋਰ ਵਿਕਾਸ ਕਾਰਜ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਅਸੀਂ ਅਕਸਰ ਆਸ਼ੀਰਵਾਦ ਲੈਣ ਆਉਂਦੇ ਰਹਿੰਦੇ ਹਾਂ ਅਤੇ ਪਟਿਆਲਾ ਸ਼ਹਿਰ ਨੂੰ ਇੱਕ ਖਾਸ ਅਤੇ ਮਾਡਲ ਸ਼ਹਿਰ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਮਹੀਨੇ ਵਿੱਚ ਇਸ ਪਵਿੱਤਰ ਸਥਾਨ ‘ਤੇ ਆ ਕੇ ਲੋਕ ਭਲਾਈ ਲਈ ਕੰਮ ਕਰਨ ਦਾ ਆਸ਼ੀਰਵਾਦ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਚਾਰ ਤੋਂ ਪੰਜ ਵਾਰ ਸ਼੍ਰੀ ਕਾਲੀ ਮਾਤਾ ਮੰਦਰ ਆ ਚੁੱਕੇ ਹਨ ਅਤੇ ਉਥੇ ਚੱਲ ਰਹੇ ਸਾਰੇ ਕਾਰਜਾਂ ਦਾ ਜਾਇਜ਼ਾ ਲੈ ਕੇ ਲੋੜ ਅਨੁਸਾਰ ਵਿਕਾਸ ਯੋਜਨਾ ਤਿਆਰ ਕੀਤੀ ਗਈ ਹੈ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਨਾਲ ਕਰੋੜਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਅਤੇ ਇੱਥੇ ਆਉਣ ਵਾਲੇ ਭਗਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੂਰਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਦਰ ਦੇ ਸਾਰੇ ਵਿਕਾਸ ਕਾਰਜ ਇੱਕ ਸਾਲ ਦੇ ਅੰਦਰ ਪੂਰੇ ਹੋ ਜਾਣ ਦੀ ਉਮੀਦ ਹੈ।