ਫਾਜ਼ਿਲਕਾ, 17 ਮਈ 2025 Aj Di Awaaj
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਜੰਗ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ। ਸ੍ਰੀ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ. ਪੰਜਾਬ ਅਤੇ ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ, ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਜੀ ਦੀਆਂ ਹਦਾਇਤਾਂ ਅਧੀਨ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ. ਫਾਜ਼ਿਲਕਾ ਜੀ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਵੱਡੇ ਪੱਧਰ ‘ਤੇ “ਕੋਰਡਨ ਐਂਡ ਸਰਚ ਓਪਰੇਸ਼ਨ” (CASO) ਚਲਾਇਆ ਗਿਆ।
ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਫਾਜ਼ਿਲਕਾ ਪੁਲਿਸ ਨੇ ਸ੍ਰੀ ਬਲਜੋਤ ਸਿੰਘ ਰਾਠੌੜ ਆਈ.ਪੀ.ਐਸ, ਆਈ.ਜੀ. ਜੀ.ਆਰ.ਪੀ. ਅਤੇ ਐਸ.ਐਸ.ਪੀ. ਫਾਜ਼ਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ ਜੀ ਦੀ ਅਗਵਾਈ ਹੇਠ ਫਾਜ਼ਿਲਕਾ ਦੇ ਆਰੀਆ ਨਗਰ ਥਾਣਾ ਸਿਟੀ ਫਾਜ਼ਿਲਕਾ ਵਿਚ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ।
ਇਸੇ ਤਰਾਂ ਜ਼ਿਲ੍ਹਾ ਫਾਜ਼ਿਲਕਾ ਵਿਚ ਕੁੱਲ 16 ਡਰੱਗ ਹੋਟਸਪੋਟ ਵਿਚ ਵੀ ਵੱਖ ਵੱਖ ਹਲਕਾ ਅਫਸਰਾਂ ਦੀ ਨਿਗਰਾਨੀ ਵਿਚ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਵਿੱਚ 13 ਥਾਣਾ ਮੁਖੀ, 5 ਗਜ਼ਟਿਡ ਅਫਸਰ ਅਤੇ 311 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਾਮਿਲ ਰਹੇ।
ਨਸ਼ਾ ਤਸਕਰਾਂ ਦੇ ਘਰਾਂ ਅਤੇ ਠਿਕਾਣਿਆਂ ਦੀ ਗਹਿਰੀ ਤਲਾਸ਼ੀ ਲੈ ਕੇ ਨਸ਼ਿਆਂ ਦੀ ਚੋਰੀ-ਛੁਪੇ ਹੋ ਰਹੀ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਹ ਕਾਰਵਾਈ ਨਸ਼ਾ ਮੁਕਤ ਪੰਜਾਬ ਵੱਲ ਇਕ ਮਹੱਤਵ ਪੂਰਨ ਕਦਮ ਹੈ।
ਸ੍ਰੀ ਬਲਜੋਤ ਸਿੰਘ ਰਾਠੌੜ ਆਈ.ਪੀ.ਐਸ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਦੀ ਅਗਵਾਈ ਹੇਠ 01 ਮਾਰਚ 2025 ਤੋਂ ਸ਼ੁਰੂ ਕੀਤੀ ਗਈ ਸੀ। ਜਿਸ ਤੋਂ ਲੈ ਕੇ ਹੁਣ ਤੱਕ ਇਸ ਨੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਭਾਰੀ ਝਟਕਾ ਦਿੱਤਾ ਹੈ।
ਵਰਿੰਦਰ ਸਿੰਘ ਬਰਾੜ ਐਸ.ਐਸ.ਪੀ ਫਾਜ਼ਿਲਕਾ ਜੀ ਨੇ ਸਪਸ਼ਟ ਕੀਤਾ ਕਿ ਇਹ ਸੰਘਰਸ਼ ਹੁਣ ਰੁਕਣ ਵਾਲਾ ਨਹੀਂ। ਹਰ ਨਸ਼ਾ ਤਸਕਰ ਪੁਲਿਸ ਦੀ ਰਡਾਰ ‘ਤੇ ਹੈ। ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਜਿਹੀਆਂ ਕਾਰਵਾਈਆਂ ਨਿਰੰਤਰ ਚਲਦੀਆਂ ਰਹਿਣਗੀਆਂ। ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖ਼ਸ਼ਿਆ ਜਾਵੇਗਾ।
