12 ਤੋਂ 14 ਅਕਤੂਬਰ ਤੱਕ ਚੱਲੇਗੀ ਪਲਸ ਪੋਲੀਓ  ਮੁਹਿੰਮ

4
Pulse Polio campaign
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਰਨਾਲਾ
ਬਲਾਕ ਮਹਿਲ ਕਲਾਂ ਦੇ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ: ਡਾ. ਗੁਰਤੇਜਿੰਦਰ ਕੌਰ
ਮਹਿਲ ਕਲਾਂ,October 12, 2025 Aj Di Awaaj
Punjab Desk: ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ 12 ਅਕਤੂਬਰ ਤੋਂ 14 ਅਕਤੂਬਰ 2025 ਤੱਕ ਚੱਲਣ ਵਾਲੀ ਕੌਮੀ ਪਲਸ ਪੋਲੀਓ ਮੁਹਿੰਮ ਦੀ ਅੱਜ ਪਹਿਲੇ ਦਿਨ ਸਫਲਤਾਪੂਰਵਕ ਸ਼ੁਰੁਆਤ ਕੀਤੀ ਗਈ।
ਇਸ ਮੌਕੇ ਡਾ. ਗੁਰਤੇਜਿੰਦਰ ਕੌਰ ਨੇ ਕਿਹਾ ਕਿ ਬਲਾਕ ਮਹਿਲ ਕਲਾਂ ਅਧੀਨ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ  ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਕਿਹਾ ਕਿ ਹਾਲਾਂਕਿ ਭਾਰਤ ਨੂੰ ਪਹਿਲਾਂ ਹੀ ਪੋਲੀਓ ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ ਪਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚ ਅਜੇ ਵੀ ਪੋਲੀਓ ਦੇ ਮਾਮਲੇ ਆ ਰਹੇ ਹਨ। ਉਨਾ ਕਿਹਾ ਕਿ ਇਸ ਲਈ ਅਹਿਤਿਆਤ ਵਜੋਂ ਭਾਰਤ ਵਿਚ ਪਲਸ ਪੋਲੀਓ  ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੌਕੇ ਬਲਾਕ ਐਜੂਕੇਟਰ ਸ਼ਿਵਾਨੀ ਨੇ ਕਿਹਾ ਕਿ ਬਲਾਕ ਅਧੀਨ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਮਹਿਲ ਕਲਾਂ ਵਲੋਂ ਅੱਜ ਵੱਖ ਵੱਖ ਪਿੰਡਾਂ ਵਿੱਚ 38 ਬੂਥ ਲਗਾਏ ਗਏ ਹਨ ਅਤੇ 13 ਤੇ 14 ਅਕਤੂਬਰ ਨੂੰ  ਘਰ ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸੱਲਮ ਏਰੀਆ, ਝੁੱਗੀਆਂ-ਝੌਪੜੀਆਂ, ਭੱਠੇ ਅਤੇ ਉਸਾਰੀ ਅਧੀਨ ਇਮਾਰਤਾਂ ’ਤੇ ਰਹਿ ਰਹੀ ਆਬਾਦੀ ਦੇ ਬੱਚਿਆਂ ਨੂੰ ਵੀ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨਾਂ ਬੱਚਿਆਂ ਦੀ ਪਹਿਲਾਂ ਤੋਂ ਹੀ ਸ਼ਨਾਖਤ ਕਰ ਲਈ ਗਈ ਹੈ। ਉਨਾ ਦੱਸਿਆ ਕਿ ਪਲਸ ਪੋਲੀਓ  ਮੁਹਿੰਮ ਨੂੰ ਨੇਪਰੇ ਚਾੜਣ ਲਈ 9 ਸੁਪਰਵਾਈਜ਼ਰ ਅਤੇ 165 ਮੁਲਾਜ਼ਮਾਂ ਨੂੰ ਵੈਕਸੀਨੇਟਰ ਦੇ ਤੌਰ ‘ਤੇ ਲਗਾਇਆ ਗਿਆ ਹੈ।