ਐੱਸ.ਏ.ਐੱਸ ਨਗਰ:30 Dec 2025 AJ DI Awaaj
Punjab Desk : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਫਰਵਰੀ/ਮਾਰਚ 2026 ਵਿੱਚ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰਯੋਗੀ ਪ੍ਰੀਖਿਆਵਾਂ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਬੋਰਡ ਅਨੁਸਾਰ, ਇਹ ਪ੍ਰਯੋਗੀ ਪ੍ਰੀਖਿਆਵਾਂ 2 ਫਰਵਰੀ ਤੋਂ 12 ਫਰਵਰੀ 2026 ਤੱਕ ਪੰਜਾਬ ਭਰ ਦੇ ਨਿਰਧਾਰਤ ਕੇਂਦਰਾਂ ‘ਤੇ ਕਰਵਾਈਆਂ ਜਾਣਗੀਆਂ।
ਬੋਰਡ ਨੇ ਸਪਸ਼ਟ ਕੀਤਾ ਹੈ ਕਿ ਇਹ ਪ੍ਰਯੋਗੀ ਪ੍ਰੀਖਿਆਵਾਂ ਸਾਰੇ ਵਿਸ਼ਿਆਂ ਲਈ ਲਾਜ਼ਮੀ ਹੋਣਗੀਆਂ। ਇਸ ਵਿੱਚ ਰੈਗੂਲਰ ਅਤੇ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਕੰਪਾਰਟਮੈਂਟ, ਰੀ-ਅਪੀਅਰ, ਵਾਧੂ ਵਿਸ਼ਾ ਲੈਣ ਵਾਲੇ, ਦਰਜਾ ਜਾਂ ਕਾਰਗੁਜ਼ਾਰੀ ਸੁਧਾਰ ਪ੍ਰੀਖਿਆ ਦੇ ਰਹੇ ਉਮੀਦਵਾਰ ਅਤੇ ਵੋਕੇਸ਼ਨਲ/ਐੱਨਐੱਸਕਿਊਐੱਫ ਵਿਸ਼ਿਆਂ ਦੇ ਵਿਦਿਆਰਥੀ ਵੀ ਸ਼ਾਮਲ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੇ ਸਕੂਲ ਮੁਖੀਆਂ ਅਤੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸਕੂਲਾਂ ਦੇ ਸਾਰੇ ਪ੍ਰੀਖਿਆਰਥੀਆਂ ਨੂੰ ਸਮੇਂ ਸਿਰ ਪ੍ਰਯੋਗੀ ਪ੍ਰੀਖਿਆਵਾਂ ਦੀ ਤਾਰੀਖ, ਸਮਾਂ ਅਤੇ ਕੇਂਦਰ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ। ਬੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਯੋਗੀ ਪ੍ਰੀਖਿਆ ਵਿੱਚ ਗੈਰਹਾਜ਼ਰੀ ਰਹਿਣ ਨਾਲ ਮੁੱਖ ਪ੍ਰੀਖਿਆ ਦੇ ਨਤੀਜੇ ‘ਤੇ ਅਸਰ ਪੈ ਸਕਦਾ ਹੈ।
ਪ੍ਰਯੋਗੀ ਪ੍ਰੀਖਿਆਵਾਂ ਦੀ ਵਿਸਤ੍ਰਿਤ ਡੇਟਸ਼ੀਟ, ਵਿਸ਼ਾ-ਵਾਰ ਸਮਾਂ-ਸਾਰਣੀ ਅਤੇ ਹੋਰ ਜ਼ਰੂਰੀ ਹਦਾਇਤਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਉਪਲੱਬਧ ਹਨ। ਬੋਰਡ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਿਯਮਿਤ ਤੌਰ ‘ਤੇ ਵੈੱਬਸਾਈਟ ਵੇਖਦੇ ਰਹਿਣ ਅਤੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ।














