ਮਾਲੇਰਕੋਟਲਾ, 29 ਅਗਸਤ 2025 AJ DI Awaaj
Punjab Desk : ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਇਕਮੁਸ਼ਤ (ਵਨ ਟਾਈਮ ਸੈਟਲਮੈਂਟ) ਸਕੀਮ ਤਹਿਤ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ‘ਤੇ ਲੱਗੇ ਜ਼ੁਰਮਾਨੇ ਅਤੇ ਵਿਆਜ਼ ‘ਤੇ 100 ਫ਼ੀਸਦੀ ਛੋਟ ਦਿੱਤੀ ਜਾ ਰਹੀ ਹੈ। ਇਹ ਸਕੀਮ 31 ਅਗਸਤ 2025 ਤੱਕ ਹੀ ਲਾਗੂ ਹੈ ਅਤੇ ਹੁਣ ਸਿਰਫ ਦੋ ਦਿਨ ਬਾਕੀ ਹਨ।
ਉਨ੍ਹਾਂ ਅਪੀਲ ਕੀਤੀ ਕਿ ਨਗਰ ਕੌਂਸਲ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਦੇ ਨਿਵਾਸੀ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਨੂੰ ਇਕਮੁਸ਼ਤ ਜਮ੍ਹਾ ਕਰਵਾ ਕੇ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈਣ।
ਏ.ਡੀ.ਸੀ. ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਕਾਊਂਟਰ 31 ਅਗਸਤ ਤੱਕ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦਫ਼ਤਰਾਂ ਵਿੱਚ ਖੋਲ੍ਹੇ ਗਏ ਹਨ, ਜੋ ਕਿ 30 ਅਤੇ 31 ਅਗਸਤ (ਸ਼ਨੀਵਾਰ ਅਤੇ ਐਤਵਾਰ) ਨੂੰ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿਣਗੇ।
ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਓ.ਟੀ.ਐਸ ਸਕੀਮ ਦਾ ਲਾਭ ਲੈ ਸਕਣ ਅਤੇ ਜ਼ੁਰਮਾਨੇ ਤੇ ਵਿਆਜ਼ ਤੋਂ ਛੁਟਕਾਰਾ ਪਾ ਕੇ 31 ਅਗਸਤ ਤੋਂ ਪਹਿਲਾਂ ਹੀ ਆਪਣਾ ਬਕਾਇਆ ਟੈਕਸ ਜਮ੍ਹਾਂ ਕਰਵਾ ਸਕਣ।
ਵਧੀਕ ਡਿਪਟੀ ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ 31 ਅਗਸਤ ਉਪਰੰਤ ਜਿਹੜੇ ਵਿਅਕਤੀ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਉਣਗੇ, ਉਨ੍ਹਾਂ ਵਿਰੁੱਧ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਆਖ਼ਰੀ ਮੌਕੇ ਦਾ ਲਾਭ ਲੈ ਕੇ ਸਮੇਂ ਸਿਰ ਆਪਣਾ ਟੈਕਸ ਜਮ੍ਹਾਂ ਕਰਵਾ ਦੇਵੇ।
