ਫਰੀਦਕੋਟ 6 ਅਗਸਤ 2025 Aj Di Awaaj
Punjab Desk : ਜਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ, ਅਮਨਦੀਪ ਸਿੰਘ ਸੋਢੀ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਫਰੀਦਕੋਟ ਦੇ ਸਲੱਮ ਏਰੀਏ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਪ ਲਗਾਇਆ ਗਿਆ। ਜਿਸ ਦੌਰਾਨ ਪ੍ਰੋਟੈਕਸ਼ਨ ਅਫਸਰ.ਆਈ.ਸੀ ਸੁਖਮੰਦਰ ਸਿੰਘ ਵੱਲੋਂ ਪ੍ਰੋਜੈਕਟ ਜੀਵਨਜੋਤ – 02 ਮੁਹਿੰਮ ਦੇ ਤਹਿਤ ਆਮ ਲੋਕਾਂ ਨੂੰ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਭੀਖ ਮੰਗਣ ਦੀ ਵੱਧ ਰਹੀ ਤਾਦਾਤ ਨੂੰ ਰੋਕਣ ਲਈ ਪ੍ਰੋਜੈਕਟ ਜੀਵਨਜੋਤ – 02 ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭੀਖ ਮੰਗਣਾ ਅਤੇ ਬੱਚਿਆਂ ਤੋਂ ਭਿੱਖਿਆ ਕਰਵਾਉਣਾ ਕਾਨੂੰਨੀ ਜੁਰਮ ਹੈ ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਜਵਾਨ ਉਮਰ ਦੀਆਂ ਕੁੜੀਆਂ ਕੱਪੜੇ ਵਿੱਚ ਲਪੇਟੇ ਸੁੱਤੇ ਹੋਏ ਬੱਚੇ ਨੂੰ ਗੋਦੀ ਵਿੱਚ ਚੱਕ ਕੇ ਭੀਖ ਮੰਗ ਰਹੀਆਂ ਹੁੰਦੀਆ ਹਨ। ਇਸ ਤੋਂ ਇਲਾਵਾ ਛੋਟੇ ਛੋਟੇ ਬੱਚੇ ਰੇਲਵੇ ਸਟੇਸ਼ਨ, ਬੱਸ ਅੱਡੇ ਜਾਂ ਹੋਰ ਜਨਤਕ ਥਾਵਾਂ ਤੇ ਭੀਖ ਮੰਗ ਰਹੇ ਹੁੰਦੇ ਹਨ ਅਤੇ ਅਜਿਹੇ ਬੱਚਿਆਂ ਨੂੰ ਰੈਸਕਿਊ ਕਰਨ ਦੌਰਾਨ ਉਹਨਾਂ ਕੋਲ ਬੱਚੇ ਦੇ ਜਨਮ ਸਬੰਧੀ ਪ੍ਰਮਾਣ ਜਾਂ ਕੋਈ ਹੋਰ ਦਸਤਾਵੇਜ਼ ਨਹੀਂ ਹੁੰਦਾ ਜਿਸਤੋਂ ਇਹ ਪਤਾ ਲੱਗ ਸਕੇ ਕਿ ਉਹ ਬੱਚੇ ਦੇ ਅਸਲ ਮਾਤਾ-ਪਿਤਾ ਹਨ। ਇਸ ਲਈ ਅਜਿਹੀਆਂ ਘਟਨਾਵਾ ਨੂੰ ਰੋਕਣ ਲਈ ਸਰਕਾਰ ਵੱਲੋਂ ਪ੍ਰੋਜੈਕਟ ਜੀਵਨ ਜੋਤ-02 ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਅਜਿਹੇ ਬੱਚੇ ਅਤੇ ਜਿੰਨ੍ਹਾਂ ਕੋਲ ਉਹ ਬੱਚਾ ਹੈ, ਉਸ ਬੱਚੇ ਦੇ ਅਸਲ ਮਾਤਾ ਪਿਤਾ ਬਾਰੇ ਪਤਾ ਲਗਾਉਣ ਲਈ ਉਸ ਦਾ ਡੀ.ਐਨ.ਏ ਟੈਸਟ ਕਰਵਾਇਆ ਜਾਵੇਗਾ। ਇਸ ਸਬੰਧ ਵਿੱਚ ਜਿਲ੍ਹਾ ਬਾਲ ਸਰੁੱਖਿਆ ਯੂਨਿਟ ਵੱਲੋਂ ਜਿਲ੍ਹੇ ਵਿੱਚ ਲਗਾਤਾਰ ਚੈਕਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਅਵੇਅਰਨੈਸ ਪ੍ਰੋਗਰਾਮ ਦੌਰਾਨ ਮੌਕੇ ਤੇ ਮੌਜੂਦ ਆਰ.ਪੀ.ਐਫ ਤੋਂ ਸਬ ਇੰਸਪੈਕਟਰ ਕੁਲਦੀਪ ਕੁਮਾਰ ਨੇ ਮੌਜੂਦ ਲੋਕਾਂ ਨੂੰ ਬੱਚਿਆਂ ਤੋ ਭੀਖ ਨਾਂ ਮੰਗਵਾ ਕੇ ਉਹਨਾਂ ਨੂੰ ਲਗਾਤਾਰ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਆਪਣਾ ਭਵਿੱਖ ਸੰਵਾਰ ਸਕਣ। ਉਹਨਾਂ ਇਹ ਵੀ ਕਿਹ ਕਿ ਜੇਕਰ ਕੋਈ ਅਜਿਹਾ ਕੇਸ ਪ੍ਰਾਪਤ ਹੁੰਦਾ ਹੈ ਤਾਂ ਉਸ ਦੇ ਖਿਲਾਫ ਜੁਵੇਨਾਇਲ ਜਸਟਿਸ ਐਕਟ ਦੇ ਸੈਕਸ਼ਨ 76 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਤੋਂ ਇਲਾਵਾ ਪ੍ਰੋਟੈਕਸ਼ਨ ਅਫਸਰ.ਆਈ.ਸੀ ਸੁਖਮੰਦਰ ਸਿੰਘ ਵੱਲੋਂ ਵਿਭਾਗ ਵੱਲੋਂ ਬੱਚਿਆਂ ਦੀ ਭਲਾਈ ਲਈ ਸਪੌਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਜਿਨ੍ਹਾਂ ਬੱਚਿਆ ਦੀ ਮਾਤਾ ਵਿਧਵਾ/ਤਲਾਕਸ਼ੁਦਾ ਹੈ ਜਾਂ ਬੱਚੇ ਪਰਿਵਾਰ ਵੱਲੋਂ ਤਿਆਗ ਦਿੱਤੇ ਹੋਣ, ਅਨਾਥ ਬੱਚੇ ਜਿਹੜੇ ਦੂਜੇ ਪਰਿਵਾਰਾਂ ਨਾਲ ਰਹਿ ਰਹੇ ਹੋਣ, ਜਿੰਨ੍ਹਾ ਬੱਚਿਆਂ ਦੇ ਮਾਤਾ – ਪਿਤਾ ਕਿਸੇ ਜਾਨਲੇਵਾ ਬਿਮਾਰੀ ਤੋਂ ਪੀੜਿਤ ਹੋਣ, ਜਿੰਨ੍ਹਾ ਬੱਚਿਆਂ ਦੇ ਮਾਤਾ – ਪਿਤਾ ਸਰੀਰਕ ਅਤੇ ਆਰਥਿਕ ਪੱਖ ਦੋਹਾਂ ਤੋਂ ਬੱਚਿਆਂ ਦਾ ਪਾਲਣ–ਪੋਸ਼ਣ ਕਰਨ ਤੋਂ ਅਸਮਰੱਥ ਹੋਣ। ਅਜਿਹੇ ਪਰਿਵਾਰਾਂ ਲਈ ਆਮਦਨ ਸ਼ਹਿਰੀ ਖੇਤਰ ਲਈ 96,000/- ਰੁਪਏ ਸਲਾਨਾ ਅਤੇ ਪੇਂਡੂ ਖੇਤਰ ਲਈ 72,000/- ਰੁਪਏ ਸਲਾਨਾ ਤੋਂ ਘੱਟ ਹੋਣੀ ਚਾਹੀਦੀ ਹੈ। ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ 4000/- ਰੁਪਏ ਪ੍ਰਤੀ ਮਹੀਨਾ ਸਪੌਸਰਸ਼ਿਪ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਬਾਲ ਵਿਆਹ ਦੀ ਰੋਕਥਾਮ ਅਤੇ ਬਾਲ ਮਜਦੂਰੀ ਸਬੰਧੀ ਵੀ ਜਾਗਰੂਕ ਕੀਤਾ ਗਿਆ ਕਿ ਬਾਲ ਵਿਆਹ ਇੱਕ ਗੈਰ ਜਮਾਨਤੀ ਅਪਰਾਧ ਹੈ। ਇਸ ਤਹਿਤ ਵਿਆਹ ਲਈ ਲੜਕੇ ਦੀ ਉਮਰ ਘੱਟ ਤੋਂ ਘੱਟ 21 ਸਾਲ ਅਤੇ ਲੜਕੀ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰੇਗਾ ਤਾਂ ਉਸਨੂੰ 2 ਸਾਲ ਦੀ ਕਠੋਰ ਸਜਾ ਅਤੇ ਇੱਕ ਲੱਖ ਰੁਪਏ ਜੁਰਮਾਨਾਂ ਹੋ ਸਕਦਾ ਹੈ। ਇਸ ਕਾਨੂੰਨ ਤਹਿਤ ਛੋਟੀ ਉਮਰ ਵਿੱਚ ਵਿਆਹ ਕਰਨ ਲਈ ਪ੍ਰਚਾਰ ਕਰਨ ਵਾਲੇ ਅਤੇ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦੇ ਖਿਲਾਫ ਵੀ ਸਜਾ ਦਾ ਨਿਯਮ ਹੈ।
