ਸੰਗਰੂਰ, 27 ਸਤੰਬਰ 2025 AJ DI Awaaj
Punjab Desk : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਦੇ ਸਹਿਯੋਗ ਨਾਲ ਕਿਸਾਨ ਮਿੱਤਰਾਂ ਅਤੇ ਪਸਾਰ ਕਰਮਚਾਰੀਆਂ ਲਈ ਸਾਉਣੀ ਰੁੱਤ ਦੀ ਮੱਕੀ ਦੀ ਵਾਢੀ ਅਤੇ ਇਸ ਨੂੰ ਸਕਾਉਣ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਇੱਕ- ਰੋਜ਼ਾ ਸਿਖਲਾਈ ਕੋਰਸ ਲਗਾਇਆ ਗਿਆ।
ਇਸ ਸਿਖਲਾਈ ਪ੍ਰੋਗਰਾਮ ਦੌਰਾਨ ਡਾ ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਸਿਖਿਆਰਥੀਆਂ ਨੂੰ ਸਾਉਣੀ ਰੁੱਤ ਦੌਰਾਨ ਝੋਨੇ ਦੀ ਜਗ੍ਹਾ ਮੱਕੀ ਦੀ ਕਾਸ਼ਤ ਕਰਕੇ ਫ਼ਸਲੀ-ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪ੍ਰੇਰਿਤ ਕੀਤਾ। ਡਾ ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਰਿੰਗ), ਕੇਵੀਕੇ, ਸੰਗਰੂਰ ਨੇ ਮੱਕੀ ਨੂੰ ਸੁਕਾਉਣ ਦੀਆਂ ਵੱਖ- ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੇ ਉਤਪਾਦ ਦਾ ਵਾਜਿਬ ਮੁੱਲ ਮਿਲ ਸਕੇ । ਡਾ ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦਾ ਰੋਗ), ਕੇਵੀਕੇ, ਸੰਗਰੂਰ ਨੇ ਪਸਾਰ ਕਰਮਚਾਰੀਆਂ ਅਤੇ ਕਿਸਾਨ ਮਿੱਤਰਾਂ ਨੂੰ ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ ਦੌਰਾਨ ਵੱਖ-ਵੱਖ ਦਰਪੇਸ਼ ਆਈਆਂ ਕੀੜੇ- ਮਕੌੜਿਆਂ ਅਤੇ ਬਿਮਾਰੀਆਂ ਦੀਆਂ ਸਮੱਸਿਆਵਾਂ ਅਤੇ ਇਹਨਾਂ ਦੇ ਸੁਚੱਜੇ ਹੱਲ ਬਾਰੇ ਜਾਣਕਾਰੀ ਦਿੱਤੀ।
ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ), ਕੇਵੀਕੇ, ਸੰਗਰੂਰ ਨੇ ਕਿਸਾਨਾਂ ਨੂੰ ਮੱਕੀ ਦੀ ਵਾਢੀ ਅਤੇ ਇਸ ਵਿੱਚ ਆਉਣ ਵਾਲੀਆਂ ਛੋਟੇ ਤੱਤਾਂ ਦੀਆਂ ਕਮੀਆਂ ਅਤੇ ਨਦੀਨ ਪ੍ਰਬੰਧਨ ਬਾਰੇ ਜਾਗਰੂਕ ਕਰਵਾਇਆ।ਅਖੀਰ ਵਿੱਚ ਸਿਖਿਆਰਥੀਆਂ ਵੱਲੋਂ ਪੁੱਛੇ ਸੁਆਲਾਂ ਦੇ ਤਸੱਲੀਬਖ਼ਸ਼ ਢੰਗ ਨਾਲ ਜਵਾਬ ਦਿੱਤੇ ਗਏ। ਸ਼੍ਰੀ ਕਰਨ ਕਾਲੜਾ, ਅਕਾਊਂਟੈਂਟ, ਆਤਮਾ, ਸੰਗਰੂਰ ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
