ਬਟਾਲਾ, 13 ਅਗਸਤ 2025 AJ DI Awaaj
Punjab Desk : ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੇ ਨਾਲ ਸਾਫ਼-ਸਫਾਈ ਵਿਵਸਥਾ ਨੂੰ ਦਰੁਸਤ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਮੁਹੱਲਾ ਦਾਰਾ ਸਲਾਮ ਵਿਖੇ ਕੂੜੇ ਦੀ ਸਮੱਸਿਆ ਦਾ ਹੱਲ ਹੀ ਨਹੀਂ ਕੀਤਾ ਗਿਆ ਬਲਕਿ ਉਸ ਜਗ੍ਹਾ ਨੂੰ ਸਾਫ਼ ਸੁਥਰਾ ਕਰਕੇ ਓਥੇ ਖੂਬਸੂਰਤ ਪੌਦਿਆਂ ਦੇ ਗਮਲੇ ਰੱਖ ਕੇ ਸਫਾਈ ਰੱਖਣ ਦਾ ਸੁਨੇਹਾ ਵੀ ਦਿੱਤਾ ਗਿਆ।
ਇਸ ਸਬੰਧੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਨੇ ਦੱਸਿਆ ਕਿ ਬਾਬਾ ਜੀ ਦੇ ਵਿਆਹ ਪੁਰਬ ਸਮਾਗਮ ਨੂੰ ਮੁੱਖ ਰੱਖ ਕੇ ਬਟਾਲਾ ਸ਼ਹਿਰ ਅੰਦਰ ਸਾਫ ਸਫਾਈ ਵਿਵਸਥਾ ਨੂੰ ਠੀਕ ਰੱਖਣ ਲਈ ਵਿਸ਼ੇਸ ਉਪਰਾਲੇ ਆਰੰਭੇ ਗਏ ਹਨ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਇਆ ਜਾਵੇਗਾ।
ਉਨਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸੀਵਰੇਜ਼ ਵਿਭਾਗ ਦੀਆਂ ਦੋ ਸੁਪਰ ਸੱਕਰ ਮਸ਼ੀਨਾਂ, ਜਿਸਦੇ ਇੱਕ ਟੈਂਕਰ ਦੀ 10,000 ਲੀਟਰ ਸਮਰੱਥਾ ਹੈ, ਰਾਹੀਂ ਸਾਰੇ ਸ਼ਹਿਰ ਦੀ ਸੀਵਰੇਜ਼ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ ਅਤੇ ਸਾਰੇ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਕੀਤੀ ਜਾਵੇਗੀ।
ਅੰਮ੍ਰਿਤ ਕਲਸੀ ਨੇ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਵਿਧਾਇਕ ਸ਼ੈਰੀ ਕਲਸੀ ਦ੍ਰਿੜ ਸੰਕਲਪ ਹਨ ਅਤੇ ਜਿਸ ਤਹਿਤ ਬੀਤੇ ਦਿਨੀਂ ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਵਿਖੇ ਦੁਕਾਨਦਾਰਾਂ ਦੀ ਸਮੱਸਿਆ ਦਾ ਹੱਲ ਕਰਦਿਆਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੱਡੀਆਂ ਹੋਦੀਆਂ ਬਣਵਾਈਆਂ ਗਈਆਂ ਸਨ, ਜਿਸ ਨਾਲ ਚੌਂਕ ਵਿੱਚ ਬਰਸਾਤੀ ਪਾਣੀ ਨਹੀਂ ਖੜ੍ਹੇਗਾ।
ਇਸ ਤੋਂ ਇਲਾਵਾ ਸਿਟੀ ਰੋਡ ਅਤੇ ਬਟਾਲਾ ਫਲਾਈ ਓਵਰ ਉੱਪਰ ਕੁਝ ਸਟਰੀਟ ਲਾਈਟਾਂ ਖਰਾਬ ਸਨ ਉਨਾਂ ਨੂੰ ਬਦਲ ਕੇ ਨਵੀਆਂ ਸਟਰੀਟ ਲਗਾ ਦਿੱਤੀਆਂ ਗਈਆਂ ਹਨ ਅਤੇ ਉਹ ਚਾਲੂ ਹਾਲਤ ਵਿੱਚ ਹਨ।
