ਲੋਕਾਂ ਨੂੰ ਨਜਾਇਜ਼ ਸ਼ਰਾਬ ਦੇ ਨੁਕਸਾਨ ਸਬੰਧੀ ਜਾਗਰੂਕ ਕਰਵਾਇਆ ਜਾਵੇ: ਸੰਦੀਪ ਰਿਸ਼ੀ

70

ਸੰਗਰੂਰ, 19 ਮਈ 2025 Aj Di Awaaj

ਆਬਕਾਰੀ ਵਿਭਾਗ ਜ਼ਿਲ੍ਹਾ ਸੰਗਰੂਰ ਵੱਲੋੋਂ ਆਬਕਾਰੀ ਕਮਿਸ਼ਨਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਸਬੰਧੀ ਸ਼੍ਰੀ ਸੰਦੀਪ ਰਿਸ਼ੀ, ਡਿਪਟੀ ਕਮਿਸ਼ਨਰ ਸੰਗਰੂਰ ਦੀ ਅਗਵਾਈ ਵਿੱਚ
ਸ਼੍ਰੀ ਗੁਲਸ਼ਨ ਰਾਏ ਹੁਰੀਆ, ਸਹਾਇਕ ਕਮਿਸ਼ਨਰ ਆਬਕਾਰੀ, ਸੰਗਰੂਰ ਸ਼੍ਰੀ ਦਿਲਪ੍ਰੀਤ ਸਿੰਘ ਚਹਿਲ ਆਬਕਾਰੀ ਅਫ਼ਸਰ, ਸੰਗਰੂਰ-1 ਅਤੇ ਸ਼੍ਰੀ ਲਖਮੀਰ ਚੰਦ ਆਬਕਾਰੀ ਅਫਸਰ ਸੰਗਰੂਰ-2 ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ
ਜ਼ਿਲ੍ਹੇ ਵਿੱਚ ਪੈਂਦੇ ਪਿੰਡਾਂ ਵਿੱਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਨਜਾਇਜ਼ ਸ਼ਰਾਬ ਦੇ ਸੇਵਨ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕਰਵਾਇਆ ਜਾਵੇ ਅਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ।

ਇਸ ਤੋਂ ਇਲਾਵਾ ਭੱਠਿਆਂ ਉਪਰ ਕੰਮ ਕਰਦੀ ਲੇਬਰ ਅਤੇ ਸਲੱਮ ਏਰੀਆ, ਜਿੱਥੇ ਕਿ ਲੋਕਾਂ ਵੱਲੋਂ ਅਣ-ਅਧਿਕਾਰਤ ਵਿਅਕਤੀਆਂ ਤੋਂ ਸ਼ਰਾਬ ਖਰੀਦ ਕੇ ਪੀਣ ਦੇ ਜ਼ਿਆਦਾ ਅਸਾਰ ਹੁੰਦੇ ਹਨ, ਅਜਿਹੇ ਥਾਵਾਂ ਉਪਰ ਵੀ ਮੁਨਾਦੀ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਅਜਿਹੀ ਸ਼ਰਾਬ ਜਾਨਲੇਵਾ ਸਾਬਿਤ ਹੋ ਸਕਦੀ ਹੈ।

ਮੀਟਿੰਗ ਵਿੱਚ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਗੁਲਸ਼ਨ ਰਾਏ ਹੁਰੀਆ ਵੱਲੋਂ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਵਿੱਚ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀ ਵਿਕਰੀ ਦੀ ਰੋਕਥਾਮ ਸਬੰਧੀ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਬਾਰੇ ਜਾਣੂ ਕਰਵਾਇਆ ਗਿਆ।

ਆਬਕਾਰੀ ਅਫ਼ਸਰ ਸੰਗਰੂਰ-1 ਦਿਲਪ੍ਰੀਤ ਸਿੰਘ ਚਹਿਲ ਅਤੇ ਆਬਕਾਰੀ ਅਫ਼ਸਰ ਸੰਗਰੂਰ-2 ਲਖਮੀਰ ਚੰਦ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ 1 ਅਪ੍ਰੈਲ 2025 ਤੋਂ ਹੁਣ ਤੱਕ ਨਜਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲੇ ਮੁਲਜ਼ਮਾਂ ਖਿਲਾਫ਼ 30 ਕੇਸ ਦਰਜ ਕੀਤੇ ਜਾ ਚੁੱਕੇ ਹਨ।

ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋੋਕਣ ਲਈ ਵਿਸ਼ੇਸ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ ਤਾਇਨਾਤ ਵੱਖ-ਵੱਖ ਆਬਕਾਰੀ ਨਿਰੀਖਕਾਂ ਦੀਆਂ  ਨਾਕਾਬੰਦੀ/ਚੈਕਿੰਗ ਲਈ ਟੀਮਾਂ ਬਣਾਈਆਂ ਗਈਆਂ ਹਨ।

ਇਹਨਾਂ ਟੀਮਾਂ ਵੱਲੋੋਂ ਸ਼ਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਖਾਲੀ ਪਏ ਗੋਦਾਮਾਂ, ਢਾਬਿਆਂ ਆਦਿ ਜਿੱਥੇ ਸ਼ਰਾਬ ਦੀ ਸਟੋਰੇਜ ਹੋ ਸਕਦੀ ਹੈ, ਦੀ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।