ਫ਼ਿਰੋਜ਼ਪੁਰ, 31 ਜੁਲਾਈ 2025 AJ DI Awaaj
Punjab Deskਸਮੇਂ-ਸਮੇਂ ਦੌਰਾਨ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਨੂੰ ਰੋਕਣ ਅਤੇ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਸੰਬੰਧੀ ਵਿਧਾਨ ਸਭਾ ਵਿੱਚ ਨਵਾਂ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਪ੍ਰਕਿਰਿਆ ਵਿੱਚ ਪੰਜਾਬ ਦੇ ਧਾਰਮਿਕ ਆਗੂ, ਧਾਰਮਿਕ ਸੰਸਥਾਵਾਂ, ਜਥੇਬੰਦੀਆਂ, ਇਸ ਕਾਨੂੰਨ ਬਣਨ ਲਈ ਆਪਣੇ ਸੁਝਾਅ ਦੇ ਕੇ ਆਪਣੀ ਹਿੱਸੇਦਾਰੀ ਪਾ ਸਕਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਧਾਨ ਸਭਾ ਕਮੇਟੀ ਵੱਲੋਂ ਜਾਰੀ ਕੀਤੇ ਗਏ ਮੋਬਾਇਲ ਨੰਬਰ ‘ਤੇ ਕਾਲ ਜਾਂ ਵਟਸਐਪ ਕਰ ਸਕਦੇ ਹਨ ਅਤੇ ਈਮੇਲ ਆਈਡੀ ਅਕਾਊਂਟ ਉੱਪਰ ਆਪਣੇ ਸੁਝਾਅ ਕਮੇਟੀ ਨੂੰ ਭੇਜ ਸਕਦੇ ਹਨ। ਕਮੇਟੀ ਵੱਲੋਂ 31 ਅਗਸਤ ਤੱਕ ਆਮ ਜਨਤਾ ਤੋਂ ਸੁਝਾਅ ਮੰਗੇ ਗਏ ਹਨ।
ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ ਉਹਨਾਂ ਦੇ ਹਲਕੇ ਦੇ ਧਾਰਮਿਕ ਆਗੂ ਸਾਹਿਬਾਨ, ਧਾਰਮਿਕ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਮਿਲ ਕੇ ਵੀ ਆਪਣੇ ਲਿਖਤੀ ਸੁਝਾਵ ਪੇਸ਼ ਕਰ ਸਕਦੇ ਹਨ। ਲਿਖਤੀ ਸੁਝਾਵ ਆਉਣ ਤੋਂ ਬਾਅਦ ਉਹ ਖੁੱਦ ਵਿਧਾਨ ਸਭਾ ਜਾਕੇ ਕਮੇਟੀ ਨੂੰ ਸੁਪੁਰਦ ਕਰਨਗੇ।
ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਪੈਸ਼ਲ ਸੈਸ਼ਨ ਸੱਦ ਕੇ ਪੰਜਾਬ ਰਾਜ ਵਿੱਚ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਅਤੇ ਆਸਥਾਵਾਂ ਵਾਲੇ ਲੋਕਾਂ ਵਿੱਚ ਧਾਰਮਿਕ ਅਤੇ ਸੰਪਰਦਾਇਕ ਇਕਸੁਰਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਦੇ ਉਦੇਸ਼ ਨਾਲ, ਪੰਜਾਬ ਵਿਧਾਨ ਸਭਾ ਵਿੱਚ “ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025” ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਬਿੱਲ ਮਿਤੀ 15 ਜੁਲਾਈ 2025 ਨੂੰ ਨੋਟੀਫਾਈ ਹੋ ਚੁੱਕਿਆ ਹੈ ਅਤੇ ਜਨਤਾ ਦੀ ਰਾਏ ਲੈਣ ਲਈ ਇਸਨੂੰ ਸਿਲੈਕਟ ਕਮੇਟੀ ਨੂੰ ਭੇਜਿਆ ਗਿਆ ਹੈ।
ਸ਼੍ਰੀ ਰਜਨੀਸ਼ ਦਹੀਯਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਵੱਲੋਂ ਸ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਵਿੱਚ ਬਣਾਈ ਗਈ ਸਿਲੈਕਸ਼ਨ ਕਮੇਟੀ ਨੇ ਇਸ ਬਿੱਲ/ਕਾਨੂੰਨ ਸਬੰਧੀ ਜਨਤਾ, ਧਾਰਮਿਕ ਅਦਾਰਿਆਂ, ਗੈਰ-ਸਰਕਾਰੀ ਸੰਗਠਨਾਂ, ਮਾਹਿਰਾਂ, ਬੁੱਧੀਜੀਵੀਆਂ ਅਤੇ ਸਿਵਲ ਸੋਸਾਇਟੀ ਦੇ ਨੁਮਾਇੰਦਿਆਂ ਤੋਂ ਸੁਝਾਅ ਦੀ ਮੰਗ ਕੀਤੀ ਹੈ। ਕਮੇਟੀ ਵੱਲੋਂ ਹਲਕੇ ਦੇ ਵਿਧਾਇਕ ਸਾਹਿਬਾਨਾਂ ਰਾਹੀਂ ਵੀ ਸੁਝਾਅ ਕਮੇਟੀ ਤੱਕ ਪਹੁੰਚਾਉਣ ਦਾ ਵਿਵਸਥਾ ਕੀਤੀ ਗਈ ਹੈ। ਵਿਧਾਇਕ ਦਹੀਯਾ ਨੇ ਦੱਸਿਆ ਕਿ ਹਲਕੇ ਦੇ ਵਸਨੀਕ ਇਸ ਸਬੰਧੀ ਆਪਣੇ ਕੀਮਤੀ ਵਿਚਾਰ ਅਤੇ ਸੁਝਾਅ ਵਿਧਾਇਕ ਸ਼੍ਰੀ ਰਜਨੀਸ਼ ਦਹੀਆ ਰਾਹੀਂ 31 ਅਗਸਤ 2025 ਤੱਕ ਉਹਨਾਂ ਦੇ ਦਫਤਰ ਭੇਜ ਸਕਦੇ ਹਨ।
ਵਿਧਾਨ ਸਭਾ ਕਮੇਟੀ ਵਲੋਂ
ਫੋਨ ਨੰਬਰ 8054495560 ਅਤੇ Email: secy-vs-punjab@nic.in ਜਾਂ pvs.legislation@gmail.com ਆਮ ਲੋਕਾਂ ਲਈ ਜਾਰੀ ਕੀਤੇ ਗਏ ਹਨ । ਇਸ ਤੋਂ ਇਲਾਵਾ ਡਾਕ ਰਾਹੀਂ ਸਕੱਤਰ, ਪੰਜਾਬ ਵਿਧਾਨ ਸਭਾ ਸਕੱਤਰੇਤ, ਸੈਕਟਰ-1, ਚੰਡੀਗੜ੍ਹ-160001 ‘ਤੇ ਵੀ ਸੁਝਾਅ ਭੇਜੇ ਜਾ ਸਕਦੇ ਹਨ।
ਵਿਧਾਇਕ ਰਜਨੀਸ਼ ਦਹੀਯਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਹੱਤਵਪੂਰਨ ਬਿੱਲ ਬਾਰੇ ਆਪਣੇ ਸੁਝਾਅ ਜ਼ਰੂਰ ਭੇਜਣ ਤਾਂ ਜੋ ਧਾਰਮਿਕ ਸਦਭਾਵਨਾ, ਭਾਈਚਾਰੇ ਅਤੇ ਸ਼ਾਂਤੀ ਨੂੰ ਮਜ਼ਬੂਤ ਬਣਾਇਆ ਜਾ ਸਕੇ।
