ਪੰਜਾਬ ਯੂਨੀਵਰਸਿਟੀ ਦਾ ਸਿੱਖ ਕੌਮ ਪ੍ਰਤੀ ਪੱਖਪਾਤੀ ਰਵੱਈਆ! ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ ਲਈ ਥਾਂ ਮੁਹੱਈਆ ਕਰਵਾਉਣ ਤੋਂ ਇਨਕਾਰ।

4

27 October2025 Aj Di Awaaj

Chandigarh Desk: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਅਪਣਾਏ ਗਏ ਪੱਖਪਾਤੀ ਰਵੱਈਏ ਕਾਰਨ ਸੱਥ ਜਥੇਬੰਦੀ ਨੂੰ ਹੁਣ ਖੁੱਲ੍ਹੇ ਆਸਮਾਨ ਹੇਠ ਸੈਮੀਨਾਰ ਕਰਨਾ ਪੈ ਰਿਹਾ ਹੈ। ਯੂਨੀਵਰਸਿਟੀ ਵੱਲੋਂ ਸੈਮੀਨਾਰ ਲਈ ਥਾਂ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ, ਜਥੇਬੰਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਖੁੱਲ੍ਹੇ ਮੈਦਾਨ ਵਿੱਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।

ਸੱਥ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਰਾਹੀਂ ਸੈਮੀਨਾਰ ਹਾਲ ਦੀ ਮੰਗ ਕੀਤੀ ਸੀ, ਪਰ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਹੁਣ ਸੈਮੀਨਾਰ ਖੁੱਲ੍ਹੇ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ।

ਸੱਥ ਪਾਰਟੀ ਦੇ ਆਗੂ ਅਸ਼ਮੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਦੋਸ਼ ਲਗਾਇਆ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਧਾਰਮਿਕ ਅਤੇ ਵਿਦਿਆਕ ਸਮਾਗਮ ਲਈ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਸੈਮੀਨਾਰ ਲਈ ਸੱਦੇ ਪਹਿਲਾਂ ਹੀ ਵੰਡੇ ਜਾ ਚੁੱਕੇ ਸਨ ਅਤੇ ਸਟੂਡੈਂਟ ਸੈਂਟਰ ਨੂੰ ਸਥਾਨ ਵਜੋਂ ਚੁਣਿਆ ਗਿਆ ਸੀ।

ਅਸ਼ਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੀਯੂ ਲਾਅ ਆਡੀਟੋਰੀਅਮ ਵਿੱਚ “ਭਾਰਤ ਦੀ ਮੌਜੂਦਾ ਰਾਜਨੀਤਿਕ ਸਥਿਤੀ ਅਤੇ ਮਨੁੱਖੀ ਅਧਿਕਾਰ” ਵਿਸ਼ੇ ‘ਤੇ ਸੈਮੀਨਾਰ ਕਰਵਾਉਣ ਲਈ ਲਿਖਤੀ ਰੂਪ ਵਿੱਚ ਅਰਜ਼ੀ ਦਿੱਤੀ ਗਈ ਸੀ, ਪਰ ਪ੍ਰਸ਼ਾਸਨ ਨੂੰ ਸੈਮੀਨਾਰ ਦੇ ਬੁਲਾਰਿਆਂ ਨਾਲ ਐਤਰਾਜ਼ ਸੀ। ਇਨ੍ਹਾਂ ਬੁਲਾਰਿਆਂ ਵਿੱਚ ਸਿੱਖ ਵਿਦਵਾਨ ਅਜਮੇਰ ਸਿੰਘ ਅਤੇ ਮਾਰੇ ਗਏ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਸ਼ਾਮਲ ਸਨ।