ਜਲੰਧਰ ਤੋਂ ਗ੍ਰਿਫ਼*ਤਾਰ ਪਾਕਿਸਤਾਨੀ ਜਾਸੂਸ, ਐਪ ਰਾਹੀਂ ਭਾਰਤ ਦੀਆਂ ਖ਼ਬਰਾਂ ਪਹੁੰਚਾ ਰਿਹਾ ਸੀ ISI ਤੱਕ, 1.5 ਕਰੋੜ ਦੀ ਕੋਠੀ ਵੀ ਬਣਵਾ ਰਿਹਾ ਸੀ ?
ਪੰਜਾਬ ਪੁਲਸ ਦੀ ਮਦਦ ਨਾਲ ਗੁਜਰਾਤ ਪੁਲਸ ਨੇ ਜਲੰਧਰ ਦੇ ਭਾਰਗੋ ਕੈਂਪ ਇਲਾਕੇ ਵਿੱਚ ਇਕ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਜਰਾਤ ਤੋਂ ਆਈ ਪੁਲਸ ਟੀਮ ਨੇ ਅਵਤਾਰ ਨਗਰ ਵਿਖੇ ਛਾਪਾ ਮਾਰ ਕੇ ਉਸਨੂੰ ਦਬੋਚਿਆ, ਜਿਸ ਦੌਰਾਨ ਚਾਰ ਮੋਬਾਈਲ ਫੋਨ ਅਤੇ ਤਿੰਨ ਸਿਮ ਕਾਰਡ ਵੀ ਬਰਾਮਦ ਹੋਏ।
ਮੁਲਜ਼ਮ ਅਲੀ ਗਾਂਧੀ ਨਗਰ (ਗੁਜਰਾਤ) ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਅਤੇ ਪਾਕਿਸਤਾਨੀ ਗੁਪਤ ਏਜੰਸੀ ISI ਲਈ ਭਾਰਤ ਵਿੱਚ ਜਾਸੂਸੀ ਕਰ ਰਿਹਾ ਸੀ। ਪੁਲਸ ਅਨੁਸਾਰ, ਭਾਰਤ-ਪਾਕਿਸਤਾਨ ਵਿੱਚ ਤਣਾਅ ਦੇ ਸਮੇਂ, ਜਦ ਪਾਕਿ ‘ਚ ਭਾਰਤੀ ਨਿਊਜ਼ ਚੈਨਲਾਂ ਨੂੰ ਬੰਦ ਕੀਤਾ ਗਿਆ, ਤਾਂ ਅਲੀ ਨੇ ਇੱਕ ਐਪ ਬਣਾਈ ਜਿਸ ਰਾਹੀਂ ਪਾਕਿਸਤਾਨ ‘ਚ ਭਾਰਤੀ ਚੈਨਲ ਵੇਖੇ ਜਾ ਸਕਦੇ ਸਨ। ਇਹ ਐਪ ISI ਨੂੰ ਭਾਰਤ ਵਿੱਚ ਚੱਲ ਰਹੇ ਹਾਲਾਤਾਂ ਦੀ ਜਾਣਕਾਰੀ ਦੇਣ ਲਈ ਵਰਤੀ ਜਾ ਰਹੀ ਸੀ।
ਜਾਣਕਾਰੀ ਅਨੁਸਾਰ, ਅਲੀ ਨੇ ਇਸ ਕੰਮ ਦੇ ਬਦਲੇ ਪਾਕਿਸਤਾਨ ਤੋਂ ਵੱਡੀ ਰਕਮ ਪ੍ਰਾਪਤ ਕੀਤੀ। ਉਸ ਨੇ ਹਾਲ ਹੀ ਵਿੱਚ 25 ਮਰਲੇ ਦਾ ਪਲਾਟ ਖਰੀਦ ਕੇ 1.5 ਕਰੋੜ ਰੁਪਏ ਦੀ ਕੋਠੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਪੁਲਸ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਕ ਮਹੀਨੇ ਵਿੱਚ ਉਸਦੇ ਬੈਂਕ ਖਾਤੇ ‘ਚ 40 ਲੱਖ ਰੁਪਏ ਦੇ ਲੈਣ-ਦੇਣ ਹੋਏ ਹਨ।
ਮੁਲਜ਼ਮ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ, ਜੋ ਭਾਰਤ ਵਿੱਚ ਰਹਿ ਕੇ ਲਗਾਤਾਰ ISI ਨਾਲ ਸਬੰਧਤ ਗਤੀਵਿਧੀਆਂ ‘ਚ ਸ਼ਾਮਲ ਸੀ। ਹਾਲੇ ਲਈ ਗੁਜਰਾਤ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਵਾਪਸ ਲੈ ਜਾ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
