ਮਾਲੇਰਕੋਟਲਾ, 29 ਮਈ 2025 Aj Di Awaaj
ਅੰਗ ਦਾਨ ਵਰਗੇ ਪਵਿੱਤਰ ਕਾਰਜ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਅਤੇ ਇਕਾਈ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ “ਅੰਗ ਦਾਨ ਜਾਗਰੂਕਤਾ ਵਾਕਾਥੌਨ” ਆਯੋਜਿਤ ਕੀਤੀ ਗਈ। ਇਸ ਵਾਕਾਥੌਨ ਨੂੰ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਐਸ.ਐਸ.ਪੀ. ਗਗਨ ਅਜੀਤ ਸਿੰਘ,ਐਸ.ਡੀ.ਐਮ.ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ , ਚੇਅਰਮੈਨ ਮਾਰਕੀਟ ਕਮੇਟੀ ਜਾਫ਼ਰੀ ਅਲੀ, ਪ੍ਰਧਾਨ ਸੰਗਰੂਰ/ਮਾਲੇਰਕੋਟਲਾ ਡਿਸਟ੍ਰਿਕਟ ਇੰਡਸ੍ਟ੍ਰਿਯਲ ਚੈਂਬਰ ਰਾਜੀਵ ਸੂਦ, ਪੈਟਰਨ ਤੇ ਸਾਬਕਾ ਪ੍ਰਧਾਨ ਆਈ.ਐਮ.ਏ ਡਾ.ਰਾਕੇਸ਼ ਅਰੋੜਾ, ਚੇਅਰਮੈਨ ਕਮ ਚੀਫ ਯੂਰੌਲੌਜਿਸਟ ਅਤੇ ਟਰਾਂਸਪਲਾਂਟ ਸਰਜਨ ਅਯਕਾਈ ਹਸਪਤਾਲ ਡਾ. ਬਲਦੇਵ ਸਿੰਘ ਔਲਖ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਐਡਵੋਕੇਟ ਅਰਵਿੰਦ ਸਿੰਘ ਮਾਵੀ,ਪ੍ਰਧਾਨ ਕੈਮਿਸਟ ਐਸੋਸੀਏਸ਼ਨ ਰਵਿੰਦਰ ਜੈਨ ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਜੰਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ ।
ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਅਵਾਮ ਨੂੰ ਸੰਬੋਧਨ ਕਰਦਿਆਂ ਆਮ ਲੋਕਾਂ ਨੂੰ ਅੰਗ ਦਾਨ ਬਾਰੇ ਜਾਗਰੂਕ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੰਗ ਦਾਨ ਇੱਕ ਸਭ ਤੋਂ ਉੱਚੀ ਅਤੇ ਮਹਾਨ ਸੇਵਾ ਹੈ। “ਸਾਡੇ ਇਕ ਫੈਸਲੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ। ਮੌਤ ਤੋਂ ਬਾਅਦ ਅੰਗ ਦਾਨ ਕਰਨਾ ਇੱਕ ਐਸਾ ਉਪਕਾਰਕ ਕੰਮ ਹੈ ਜੋ ਅਣਜਾਣ ਲੋਕਾਂ ਲਈ ਨਵੀਂ ਜ਼ਿੰਦਗੀ ਦੀ ਕਿਰਨ ਬਣ ਸਕਦਾ ਹੈ।”
ਚੇਅਰਮੈਨ ਕਮ ਚੀਫ ਯੂਰੌਲੌਜਿਸਟ ਅਤੇ ਟਰਾਂਸਪਲਾਂਟ ਸਰਜਨ ਇਕਾਈ ਹਸਪਤਾਲ ਡਾ. ਬਲਦੇਵ ਸਿੰਘ ਔਲਖ ਨੇ ਅੰਗ ਦਾਨ ਸੰਬੰਧੀ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਇਕ ਦਾਨੀ ਦੇ ਅੰਗਾਂ ਰਾਹੀਂ ਕਈ ਜ਼ਿੰਦਗੀਆਂ ਨੂੰ ਨਵੀਂ ਰੌਸ਼ਨੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਭਾਰਤ ਵਿੱਚ ਹਜ਼ਾਰਾਂ ਮਰੀਜ਼ ਜਿਹਨਾਂ ਨੂੰ ਲਿਵਰ, ਕਿਡਨੀ ਜਾਂ ਦਿਲ ਦੀ ਲੋੜ ਹੈ, ਉਨ੍ਹਾਂ ਲਈ ਅੰਗ ਦਾਨੀਆਂ ਦੀ ਘਾਟ ਹੈ। ਇਨ੍ਹਾਂ ਨੂੰ ਸਿਰਫ਼ ਜਾਗਰੂਕਤਾ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੈ।
ਵਾਕਾਥੌਨ ਦੇ ਰੂਪ ਵਿੱਚ ਨਗਰ ਦੀਆਂ ਵੱਖ-ਵੱਖ ਗਲੀਆਂ,ਬਜਾਰਾਂ ਵਿੱਚੋਂ ਹੋ ਕੇ ਜਾਗਰੂਕਤਾ ਰੈਲੀ ਨਿਕਲੀ, ਜਿਸ ਵਿੱਚ ਡਾਕਟਰਾਂ, ਸਮਾਜ ਸੇਵਕਾਂ ਅਤੇ ਆਮ ਨਾਗਰਿਕਾਂ ਨੇ ਭਰਪੂਰ ਭਾਗ ਲਿਆ। ਹੱਥਾਂ ਵਿੱਚ ਬੈਨਰ, ਪੋਸਟਰ ਅਤੇ ਅੰਗ ਦਾਨ ਸੰਬੰਧੀ ਨਾਅਰੇ ਲੈ ਕੇ ਲੋਕਾਂ ਨੇ ਅੰਗ ਦਾਨ ਜਾਗਰੂਕਤਾ ਸੰਦੇਸ਼ ਦਿੱਤਾ।
ਇਸ ਉਦੇਸ਼ਪੂਰਕ ਸਮਾਗਮ ਰਾਹੀਂ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਅੰਗ ਦਾਨ ਸੰਬੰਧੀ ਜਾਗਰੂਕਤਾ ਨੂੰ ਨਵੀਂ ਰਫਤਾਰ ਮਿਲੀ ਹੈ। ਆਯੋਜਕਾਂ ਨੇ ਭਵਿੱਖ ਵਿੱਚ ਹੋਰ ਵੀ ਐਸੇ ਸਮਾਗਮ ਕਰਕੇ ਲੋਕਾਂ ਨੂੰ ਜੁੜਨ ਦੀ ਅਪੀਲ ਕੀਤੀ।
