ਬਰਨਾਲਾ, 2 ਸਤੰਬਰ 2025 AJ DI Awaaj
Punjab Desk : ਭਾਰੀ ਮੀਂਹ ਦੌਰਾਨ ਤਰਪਾਲਾਂ ਦੀ ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਰੋਕਣ ਲਈ ਡਿਪਟੀ ਕਮਿਸ਼ਨਰ ਬਰਨਾਲਾ-ਕਮ-ਚੇਅਰਮੈਨ ਜ਼ਿਲ੍ਹਾ ਡਿਜ਼ਾਸਟਰ ਮੈਨਜਮੈਂਟ ਐਸੋਸੀਏਸ਼ਨ ਸ਼੍ਰੀ ਟੀ ਬੈਨਿਥ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਦੇ ਸਾਰੇ ਹੋਲਸੇਲਰ ਅਤੇ ਡੀਲਰਾਂ ਨੂੰ ਤਿਰਪਾਲਾਂ ਦੇ ਵਾਧੂ ਜਾਂ ਗੈਰ-ਨਿਆਇਕ ਭਾਅ ਵਸੂਲ ਕਰਨ ਤੋਂ ਸਖ਼ਤ ਮਨਾਹੀ ਹੈ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਹੋਲਸੇਲਰ/ਰੀਟੇਲਰ ਤਿਰਪਾਲਾਂ ਨੂੰ ਬਹੁਤ ਹੀ ਮਹਿੰਗੇ ਰੇਟਾਂ ‘ਤੇ ਵੇਚ ਰਹੇ ਹਨ ਅਤੇ ਮੌਜੂਦਾ ਭਾਰੀ ਬਾਰਿਸ਼ ਦਾ ਫਾਇਦਾ ਚੁੱਕਦੇ ਹੋਏ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਭਾਰੀ ਮੀਂਹ ਦੌਰਾਨ ਬਾਰਿਸ਼ ਤੋਂ ਬਚਾਅ ਲਈ ਇਹ ਤਰਪਾਲਾਂ ਅਤਿ ਜ਼ਰੂਰੀ ਹਨ ਅਤੇ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨਾਲ ਤਰਪਾਲਾਂ ਉਪਲਬਧਤਾ ਅਤੇ ਪਹੁੰਚ ‘ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ।
ਉਨ੍ਹਾਂ ਸਖਤ ਹਿਦਾਯਤ ਕੀਤੀ ਕਿ ਕੋਈ ਵੀ ਵਿਅਕਤੀ ਤਿਰਪਾਲਾਂ ਦੀ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਵਿੱਚ ਸ਼ਾਮਲ ਨਹੀਂ ਹੋਵੇਗਾ। ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ, ਬਰਨਾਲਾ ਵੱਲੋਂ ਨਿਯਮਿਤ ਜਾਂਚ ਕੀਤੀ ਜਾਵੇਗੀ ਅਤੇ ਇਸ ਹੁਕਮ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਤਿਰਪਾਲਾਂ ਦੇ ਨਿਰਮਾਤਾ, ਹੋਲਸੇਲਰ ਅਤੇ ਰੀਟੇਲਰ ਸਟਾਕ ਖਰੀਦ ਅਤੇ ਵਿਕਰੀ ਦੇ ਪੂਰੇ ਰਿਕਾਰਡ ਨੂੰ ਅਧਿਕਾਰਤ ਅਧਿਕਾਰੀਆਂ ਵੱਲੋਂ ਜਾਂਚ ਲਈ ਸੰਭਾਲ ਕੇ ਰੱਖਣਗੇ। ਇਹ ਹੁਕਮ ਲੋਕਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਭਾਰੀ ਬਾਰਿਸ਼ ਦੇ ਇਸ ਸਮੇਂ ਦੌਰਾਨ ਤਿਰਪਾਲਾਂ ਦੀ ਉਪਲਬਧਤਾ ਅਤੇ ਨਿਆਇਕ ਕੀਮਤਾਂ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ।
