08 ਫਰਵਰੀ 2026 ਅੱਜ ਦੀ ਆਵਾਜ਼
Punjab Desk: ਪੰਜਾਬ ਨੂੰ ਗੈਂਗਸਟਰਾਂ ਦੇ ਡਰ ਤੋਂ ਮੁਕਤ ਕਰਨ ਲਈ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ‘ਵਾਰ ਆਨ ਗੈਂਗਸਟਰਜ਼’ ਅਭਿਆਨ ਦੇ ਦੂਜੇ ਚਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੂਜੇ ਪੜਾਅ ਨੂੰ ‘ਆਪਰੇਸ਼ਨ ਪ੍ਰਹਾਰ-2’ ਨਾਮ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਐਤਵਾਰ ਦੁਪਹਿਰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਸ ਆਪਰੇਸ਼ਨ ਦੇ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ।
ਡੀਜੀਪੀ ਨੇ ਦੱਸਿਆ ਕਿ ਸੋਮਵਾਰ (9 ਫ਼ਰਵਰੀ) ਸਵੇਰ ਤੋਂ ਆਪਰੇਸ਼ਨ ਪ੍ਰਹਾਰ-2 ਸ਼ੁਰੂ ਕੀਤਾ ਜਾਵੇਗਾ, ਜੋ ਲਗਾਤਾਰ 72 ਘੰਟਿਆਂ ਤੱਕ ਚਲੇਗਾ। ਇਸ ਦੌਰਾਨ ਜ਼ਿਲ੍ਹਾ-ਵਾਰ ਸੀਨੀਅਰ ਪੁਲਿਸ ਅਧਿਕਾਰੀ ਖੁਦ ਮੈਦਾਨ ਵਿੱਚ ਉਤਰ ਕੇ ਕਾਰਵਾਈ ਦੀ ਅਗਵਾਈ ਕਰਨਗੇ। ਆਪਰੇਸ਼ਨ ਦਾ ਮੁੱਖ ਫੋਕਸ ਵਾਂਟੇਡ ਅਪਰਾਧੀਆਂ ਦੀ ਗ੍ਰਿਫ਼ਤਾਰੀ ਹੋਵੇਗਾ।
ਸਿਰਫ਼ ਅਪਰਾਧੀਆਂ ‘ਤੇ ਹੀ ਹੋਵੇਗੀ ਕਾਰਵਾਈ
ਡੀਜੀਪੀ ਗੌਰਵ ਯਾਦਵ ਨੇ ਸਪਸ਼ਟ ਕੀਤਾ ਕਿ ਆਪਰੇਸ਼ਨ ਦੌਰਾਨ ਕੇਵਲ ਉਹਨਾਂ ਵਿਅਕਤੀਆਂ ਨੂੰ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ ਜੋ ਕਿਸੇ ਅਪਰਾਧਿਕ ਮਾਮਲੇ ਵਿੱਚ ਸ਼ਾਮਲ ਜਾਂ ਸ਼ੱਕੀ ਹਨ। ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਸਰ ਭਰਮ ਫੈਲਾਏ ਜਾਂਦੇ ਹਨ, ਪਰ ਪੁਲਿਸ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰੇਗੀ।
SSP, ਪੁਲਿਸ ਕਮਿਸ਼ਨਰ ਅਤੇ DIG ਖੁਦ ਕਰਨਗੇ ਪੈਟਰੋਲਿੰਗ
ਡੀਜੀਪੀ ਨੇ ਦੱਸਿਆ ਕਿ ਇਸ ਆਪਰੇਸ਼ਨ ਵਿੱਚ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ ਅਤੇ DIG ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ। ਇਹ ਅਧਿਕਾਰੀ ਕ੍ਰਾਈਮ ਸੀਨ ਦੀ ਵਿਜ਼ਿਟ, ਪੈਟਰੋਲਿੰਗ ਅਤੇ ਡਿਊਟੀਆਂ ਦੀ ਜਾਂਚ ਕਰਨਗੇ।
ਨਾਨ-ਕੋਰ ਡਿਊਟੀਆਂ ਤੋਂ ਪੁਲਿਸ ਮੈਨਪਾਵਰ ਹਟਾ ਕੇ ਕੋਰ ਡਿਊਟੀਆਂ—ਜਿਵੇਂ ਕਿ ਪੈਟਰੋਲਿੰਗ, ਨਾਕਾਬੰਦੀ ਅਤੇ ਥਾਣਿਆਂ ਵਿੱਚ ਤੈਨਾਤੀ—ਵੱਲ ਲਾਇਆ ਜਾਵੇਗਾ।
ਆਪਰੇਸ਼ਨ ਦੌਰਾਨ ਆਵਾਜਾਈ ਕਰਨ ਵਾਲੇ ਵਾਹਨਾਂ ਦੀ ਸਖ਼ਤ ਜਾਂਚ ਕੀਤੀ ਜਾਵੇਗੀ, ਖ਼ਾਸ ਕਰਕੇ ਦੋ-ਪਹੀਆ ਵਾਹਨਾਂ ‘ਤੇ ਵਿਸ਼ੇਸ਼ ਨਿਗਰਾਨੀ ਰਹੇਗੀ। ਕਿਸੇ ਵੀ ਅਪਰਾਧਕ ਘਟਨਾ ਦੀ ਸਥਿਤੀ ਵਿੱਚ ਇਲਾਕਾ ਸੀਲ ਕਰਨ, ਅਪਰਾਧੀਆਂ ਦੀ ਐਂਟਰੀ-ਐਗਜ਼ਿਟ ਰੋਕਣ ਅਤੇ ਤੁਰੰਤ ਜਵਾਬੀ ਕਾਰਵਾਈ ਲਈ SOP ਤਿਆਰ ਕੀਤੀ ਗਈ ਹੈ।
ਗੈਂਗਸਟਰਾਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਅਤੇ ਪੁਲਿਸ ਦੀ ਗੈਂਗਸਟਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਹੈ। ਪੰਜਾਬ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਛੱਡੀ ਜਾਵੇਗੀ ਅਤੇ ਉਨ੍ਹਾਂ ਦੇ ਪੂਰੇ ਨੈੱਟਵਰਕ ਨੂੰ ਤਬਾਹ ਕੀਤਾ ਜਾਵੇਗਾ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਜਾਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਣ। ਪੰਜਾਬ ਦੀ ਧਰਤੀ ‘ਤੇ ਹੋਣ ਵਾਲੇ ਹਰ ਅਪਰਾਧ ਦੇ ਪਿੱਛੇ ਸ਼ਾਮਲ ਗੈਂਗਸਟਰਾਂ ਨੂੰ ਕਿਸੇ ਵੀ ਕੋਨੇ ਤੋਂ ਫੜ ਕੇ ਲਿਆਂਦਾ ਜਾਵੇਗਾ।
ਡੀਜੀਪੀ ਮੁਤਾਬਕ, ਆਪਰੇਸ਼ਨ ਪ੍ਰਹਾਰ-2 ਵਿੱਚ ਲਗਭਗ 12 ਹਜ਼ਾਰ ਪੁਲਿਸ ਜਵਾਨ ਅਤੇ 2 ਹਜ਼ਾਰ ਦੇ ਕਰੀਬ ਪੁਲਿਸ ਟੀਮਾਂ ਮੈਦਾਨ ਵਿੱਚ ਹੋਣਗੀਆਂ।
ਆਪਰੇਸ਼ਨ ਪ੍ਰਹਾਰ-1 ਵਿੱਚ 5 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ
ਡੀਜੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਜਨਵਰੀ ਨੂੰ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ-1 ਦੌਰਾਨ
-
5,290 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ
-
2,973 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ
-
ਅਤੇ 5,413 ਲੋਕਾਂ ਨੂੰ ਤਸਦੀਕ ਤੋਂ ਬਾਅਦ ਰਿਹਾ ਕੀਤਾ ਗਿਆ
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣਾ ਅਤੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਪੁਲਿਸ ਦਾ ਮੁੱਖ ਮਕਸਦ ਹੈ। ਇਸ ਦੇ ਨਾਲ ਹੀ ਗੈਂਗਸਟਰਾਂ ਦੀ ਅਪਰਾਧਿਕ ਫੰਡਿੰਗ ਅਤੇ ਪੂਰੇ ਸਿਸਟਮ ‘ਤੇ ਸਖ਼ਤ ਨਕੇਲ ਕਸੀ ਜਾਵੇਗੀ।
‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਵਿੱਚ ਵੀ ਵੱਡੀ ਸਫ਼ਲਤਾ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵੀ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਚਲਾਇਆ ਜਾ ਰਿਹਾ ਹੈ।
1 ਮਾਰਚ 2025 ਤੋਂ ਸ਼ੁਰੂ ਹੋਏ ਇਸ ਅਭਿਆਨ ਤਹਿਤ ਹੁਣ ਤੱਕ
-
34 ਹਜ਼ਾਰ FIR ਦਰਜ
-
45 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ
-
ਜਿਨ੍ਹਾਂ ਵਿੱਚ 3,000 ਵੱਡੇ ਸਪਲਾਇਰ ਸ਼ਾਮਲ
-
65 ਹਵਾਲਾ ਆਪਰੇਟਰ ਗ੍ਰਿਫ਼ਤਾਰ
-
ਅਤੇ 2,150 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।














