ਬਟਾਲਾ, 4 ਅਗਸਤ 2025 AJ DI Awaaj
Punjab Desk : ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਸਾਉਣ ਦੇ ਮਹੀਨੇ ਵਿੱਚ ਲਗਾਤਾਰ ਤੀਜੇ ਸਾਲ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਵਿਖੇ ‘ਤੀਆਂ’ ਲੱਗੀਆਂ ਹਨ, ਜਿਸ ਵਿੱਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਸ੍ਰੀਮਤੀ ਬਲਬੀਰ ਕੋਰ ਕਲਸੀ (ਮਾਤਾ ਜੀ ਵਿਧਾਇਕ ਸ਼ੈਰੀ ਕਲਸੀ), ਸ੍ਰੀਮਤੀ ਰਾਜਬੀਰ ਕੋਰ ਕਲਸੀ ਅਤੇ ਸੀ.ਡੀ.ਪੀ.ਓ ਹਰਜੀਤ ਕੌਰ ਵਾਲੀਆ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੋਜੂਦ ਸਨ। ਇਸ ਮੌਕੇ ਉੱਘੀ ਗਾਇਕਾ ਸਰਗੀ ਮਾਨ, ਗਿੱਧਿਆਂ ਦੀ ਰਾਣੀ ਕਵਲੀਨ ਕੋਰ ਭਿੰਡਰ ਅਤੇ ਚੰਨ ਕੋਰ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਤੇ ਅਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਮਾਂ ਬੰਨ ਕੇ ਰੱਖ ਦਿੱਤਾ।
‘ਤੀਆਂ’ ਦੀ ਮੁਬਾਰਕਬਾਦ ਅਤੇ ਸਾਰਿਆਂ ਦਾ ਪਹੁੰਚਣ ’ਤੇ ਧੰਨਵਾਦ ਕਰਦਿਆਂ ਸ੍ਰੀਮਤੀ ਰਾਜਬੀਰ ਕੋਰ ਕਲਸੀ ਨੇ ਕਿਹਾ ਕਿ ਅਜਿਹੇ ਸਮਾਗਮ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਹਾਈ ਹੁੰਦੇ ਹਨ। ਉਨਾਂਅੱਗੇ ਕਿਹਾ ਕਿ ਸਾਵਣ ਦੇ ਮਹੀਨੇ ਵਿੱਚ ’ਤੀਆਂ ਦਾ ਤਿਉਹਾਰ’ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦਾ ਹੈ। ਇਸ ਤਿਉਹਾਰ ਤੇ ਨਵ-ਵਿਆਹੀਆਂ ਔਰਤਾਂ ਆਪਣੇ ਪੇਕੇ ਪਰਿਵਾਰ ਵਿੱਚ ਆ ਕਿ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਹਨ। ਔਰਤਾਂ ਤੇ ਕੁੜੀਆਂ ਇਕੱਠੀਆਂ ਹੋ ਕਿ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
ਸ੍ਰੀਮਤੀ ਰਾਜਬੀਰ ਕੌਰ ਕਲਸੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਵਿਰਸੇ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਉਨਾਂ ਵਲੋਂ ਪੁਰਾਤਨ ਖੇਡਾਂ ਨੂੰ ਮੁੜ ਸ਼ੁਰੂ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂੰ ਕਰਵਾਇਆ ਹੈ। ਉਨਾਂ ਅੱਗੇ ਕਿਹਾ ਕਿ ਧੀਆਂ ਤੇ ਪੁੱਤਰਾਂ ਵਿੱਚ ਸਾਨੂੰ ਕੋਈ ਫਰਕ ਨਹੀਂ ਕਰਨਾ ਚਾਹੀਦਾ ਹੈ ਅਤੇ ਕੁੜੀਆਂ ਨੂੰ ਵੀ ਅੱਗੇ ਵਧਣ ਦੇ ਬਾਰਬਰ ਮੌਕੇ ਦੇਣੇ ਚਾਹੀਦੇ ਹਨ। ਉਨਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਕੁੜੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਤੇ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਹਿਚਾਣ ਸਥਾਪਤ ਕੀਤੀ ਹੈ।
ਸ੍ਰੀਮਤੀ ਰਾਜਬੀਰ ਕੋਰ ਕਲਸੀ ਨੇ ਅੱਗੇ ਕਿਹਾ ਕਿ ਸਾਨੂੰ ਕਦੇ ਵੀ ਆਪਣਾ ਪਿਛੋਕੜ ਭੁਲਾਉਣਾ ਨਹੀਂ ਚਾਹੀਦਾ ਹੈ। ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅੱਜ ‘ਤੀਆਂ ਦਾ ਤਿਉਹਾਰ’ ਮਨਾ ਕੇ ਅਮੀਰ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਉੱਦਮ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਹਰੇਕ ਪੰਜਾਬਣ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਸ ਤਿਉਹਾਰ ਸਬੰਧੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕੇ।
‘ਤੀਆਂ’ ਦੇ ਤਿਉਹਾਰ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜ਼ੀਆਂ ਮਹਿਲਾਵਾਂ ਨੇ ਗਿੱਧੇ ਅਤੇ ਲੋਕ ਗੀਤਾਂ ਜਰੀਏ ਆਪਣੇ ਮਨੋ-ਭਾਵਾਂ ਅਤੇ ਖੁਸ਼ੀ ਦਾ ਖੁੱਲ ਕੇ ਇਜ਼ਹਾਰ ਕੀਤਾ। ਔਰਤਾਂ ਸਮੇਤ ਛੋਟੇ ਬੱਚਿਆਂ ਦੀ ਗਿੱਧੇ ਦੀ ਪੇਸ਼ਕਾਰੀ ਬਾ-ਕਮਾਲ ਸੀ। ‘ਤੀਆਂ’ ਦੀਆਂ ਖੁਸ਼ੀਆਂ ਮੌਕੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਦਾ ਵਿਹੜਾ ਸ਼ਗਨਾਂ ਦੇ ਗੀਤਾਂ ਨਾਲ ਗੂੰਜ ਉੱਠਿਆ। ਇਸ ਮੌਕੇ ਮਹਿਲਾਵਾਂ ਨੇ ਸਮਾਜ ਨੂੰ ਵਧੀਆ ਸੁਨੇਹਾ ਦੇਣ ਵਾਲੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ।
ਸਮਾਗਮ ਦੇ ਆਖਰ ਵਿੱਚ ਸ੍ਰੀਮਤੀ ਰਾਜਬੀਰ ਕੋਰ ਕਲਸੀ ਵਲੋਂ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਲ ਪੂਰੇ, ਖੀਰ ਤੇ ਪਕੌੜੇ ਦਾ ਸਾਰਿਆਂ ਨੇ ਖੂਬ ਅਨੰਦ ਮਾਣਿਆ।
