ਕੀਰਤਪੁਰ ਸਾਹਿਬ 18 ਜੂਨ 2025 Aj Di Awaaj
Punjab Desk : ਡਾਕਟਰ ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਂ ਅਤੇ ਸ਼ਿਸ਼ੂ ਮੌਤ ਦਰ ਘਟਾਉਣ ਦੇ ਉਦੇਸ਼ ਨਾਲ ਬਲਾਕ ਕੀਰਤਪੁਰ ਸਾਹਿਬ ਅਧੀਨ ਆਉਂਦੇ ਸਾਰੇ ਆਯੁਸ਼ਮਾਨ ਅਰੋਗਿਆ ਕੇਂਦਰਾਂ ‘ਤੇ ਮਮਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਮਾਪੇ ਖ਼ੁਦ ਬੱਚਿਆਂ ਨੂੰ ਟੀਕੇ ਲਗਵਾਉਣ ਲਈ ਸਿਹਤ ਕੇਂਦਰਾਂ ‘ਤੇ ਲੈ ਕੇ ਪਹੁੰਚੇ ਅਤੇ ਗਰਭਵਤੀ ਔਰਤਾਂ ਵੱਲੋਂ ਵੀ ਆਪਣੀ ਸਿਹਤ ਜਾਂਚ ਕਰਵਾਈ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੰਗਜੀਤ ਸਿੰਘ ਨੇ ਦੱਸਿਆ ਕਿ ਮਮਤਾ ਦਿਵਸ ਮੌਕੇ ਸਿਹਤ ਕੇਂਦਰਾਂ ‘ਤੇ ਕੇਵਲ ਮਾਂ ਅਤੇ ਬੱਚੇ ਦੀ ਸਿਹਤ ਜਾਂਚ ਅਤੇ ਟੀਕਾਕਰਨ ਹੀ ਨਹੀਂ ਕੀਤਾ ਜਾਂਦਾ ਸਗੋਂ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਮੁਫ਼ਤ ਸਿਹਤ ਸੁਵਿਧਾਵਾਂ ਅਤੇ ਮਾਪਿਆਂ ਨੂੰ ਬੱਚੇ ਦੀ ਸਾਂਭ ਸੰਭਾਲ ਤੋਂ ਲੈ ਕੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਦਿਹਾਤੀ ਖੇਤਰਾਂ ਵਿਚ ਹਰ ਬੁੱਧਵਾਰ ਲੱਗਣ ਵਾਲੇ ਇਹ ਕੈਂਪ ਮਾਂ ਅਤੇ ਸ਼ਿਸ਼ੂ ਮੌਤ ਦਰ ਘਟਾਉਣ ਵਿਚ ਮੱਦਦਗਾਰ ਸਾਬਿਤ ਹੋ ਰਹੇ ਹਨ।
ਬਲਾਕ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਅੱਜ ਕੀਰਤਪੁਰ ਸਾਹਿਬ ਅਧੀਨ ਆਉਂਦੇ ਆਯੁਸ਼ਮਾਨ ਅਰੋਗਿਆ ਕੇਂਦਰ, ਦੈਹਣੀ ਵਿਖੇ ਮਮਤਾ ਦਿਵਸ ਮੌਕੇ ਲਗਾਏ ਗਏ ਕੈਂਪ ਦੌਰਾਨ ਕਮਿਊਨਿਟੀ ਹੈਲਥ ਅਫ਼ਸਰ ਰਾਜਪ੍ਰੀਤ ਕੌਰ ਬੈਂਸ ਨੇ ਮਾਪਿਆਂ ਨੂੰ ਨਵਜੰਮੇ ਬੱਚੇ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਉਸਨੂੰ ਸਾਫ਼ ਕਪੜਿਆਂ ਵਿੱਚ ਲਪੇਟ ਕੇ ਰੱਖਣ ਅਤੇ ਇੱਕ ਤੋਂ ਦੋ ਦਿਨ ਤੱਕ ਨਾ ਨਹਲਾਉਣ ਦੀ ਸਲਾਹ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਸਾਫ਼ ਸੂਤੀ ਕਪੜੇ ਨਾਲ ਸਾਫ਼ ਕਰਨਾ ਅਤੇ ਉਸਦੇ ਸਿਰ ਦੀ ਚਮੜੀ ਨੂੰ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ। ਉਹਨਾਂ ਨਵਜੰਮੇ ਬੱਚੇ ਨੂੰ ਗੁੜ੍ਹਤੀ ਨਾ ਦੇਣ ਅਤੇ ਪੱਖੇ, ਕੂਲਰ ਜਾਂ ਏ.ਸੀ. ਦੀ ਸਿੱਧੀ ਹਵਾ ਤੋਂ ਬਚਾਉਣ ਦੀ ਸਲਾਹ ਵੀ ਦਿੱਤੀ। ਸੀ.ਐੱਚ.ਓ ਨੇ ਮਾਪਿਆਂ ਨੂੰ ਬੱਚਿਆਂ ਦੇ ਜਨਮ ਵਿੱਚ ਵਕਫ਼ਾ ਰੱਖਣ ਲਈ ਵਰਤੇ ਜਾਣ ਵਾਲੇ ਸੁਰੱਖਿਅਤ ਤਰੀਕਿਆਂ ਗਰਭ ਨਿਰੋਧਕ ਇੰਜੈਕਸ਼ਨ ਅੰਤਰਾ ਅਤੇ ਗੋਲੀ ਛਾਇਆ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਵਰਿੰਦਰ ਸਿੰਘ, ਏ.ਐੱਨ.ਐੱਮ ਮੀਨਾਕਸ਼ੀ, ਨੀਲਮ ਰਾਣੀ, ਆਸ਼ਾ ਫੈਸੀਲੀਟੇਟਰ ਨਿਰਮਲ ਕੁਮਾਰੀ ਅਤੇ ਆਸ਼ਾ ਵਰਕਰ ਪ੍ਰੇਮਲਤਾ,ਕੁਲਜਿੰਦਰ ਅਤੇ ਇੰਦਰਜੀਤ ਕੌਰ ਹਾਜ਼ਰ ਸਨ ।
