ਸ੍ਰੀ ਗੋਇੰਦਵਾਲ ਸਾਹਿਬ ‘ਚ ਨਰਸਿੰਗ ਵਿਦਿਆਰਥਣ ਦੀ ਖੁਦਕੁਸ਼ੀ, ਪ੍ਰਬੰਧਨ ‘ਤੇ ਇਲਜ਼ਾਮ

5

Tarntaran 20 Feb 2026 AJ DI Awaaj

Punjab Desk : ਸ੍ਰੀ ਗੋਇੰਦਵਾਲ ਸਾਹਿਬ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਰੀਜਨਲ ਸੈਂਟਰ ਵਿੱਚ 21 ਸਾਲਾ ਬੀ.ਐਸ.ਸੀ. ਨਰਸਿੰਗ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਵਿਦਿਆਰਥਣ ਦੀ ਪਹਿਚਾਣ ਖੁਸ਼ਪ੍ਰੀਤ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਧੂਰਕੋਟ ਪਿੰਡ ਦੀ ਰਹਿਣ ਵਾਲੀ ਅਤੇ ਤੀਜੇ ਸਮੈਸਟਰ ਦੀ ਵਿਦਿਆਰਥਣ ਸੀ।

ਜਾਣਕਾਰੀ ਮੁਤਾਬਕ ਖੁਸ਼ਪ੍ਰੀਤ ਕੌਰ ਨੇ ਹੋਸਟਲ ਦੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਯੂਨੀਵਰਸਿਟੀ ਦੇ ਕੁਝ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਉਸਨੂੰ ਲੰਮੇ ਸਮੇਂ ਤੋਂ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪ੍ਰਿੰਸੀਪਲ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।

ਪਰਿਵਾਰ ਨੇ ਦਾਅਵਾ ਕੀਤਾ ਕਿ ਖੁਸ਼ਪ੍ਰੀਤ ਨੇ ਮੋਬਾਈਲ ਚੈਟ ਰਾਹੀਂ ਆਪਣੀ ਪਰੇਸ਼ਾਨੀ ਬਾਰੇ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾ*ਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ। ਵਿਦਿਆਰਥਣ ਦਾ ਮੋਬਾਈਲ ਫੋਨ ਵੀ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ।

ਡੀਐਸਪੀ ਅਤੁਲ ਸੋਨੀ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।