ਹੁਸ਼ਿਆਰਪੁਰ, 9 ਅਗਸਤ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਾਸੀ ਹੁਣ ਮਾਲ ਵਿਭਾਗ ਨਾਲ ਜੁੜੀਆਂ 6 ਮਹੱਤਵਪੂਰਨ ਸੇਵਾਵਾਂ ਦਾ ਲਾਭ ਘਰ ਬੈਠੇ ਆਨਲਾਈਨ ’ਈਜੀ ਜਮਾਂਬੰਦੀ’ ਪੋਰਟਲ ਰਾਹੀਂ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਵਿਚ ਵਟਸਐਪ ’ਤੇ ਜਮਾਂਬੰਦੀ ਪ੍ਰਾਪਤ ਕਰਨਾ, ਇੰਤਕਾਲ, ਰਪਟ ਐਂਟਰੀ, ਫਰਦ ਬਦਰ (ਜਮਾਂਬੰਦੀ ’ਚ ਰਿਕਾਰਡ) ਵਰਗੀਆਂ ਸੇਵਾਵਾਂ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਲੋਕ ਆਪਣਾ ਸਮਾਂ ਅਤੇ ਮਿਹਨਤ ਬਚਾਉਂਦੇ ਹੋਏ ਬਿਨਾ ਪਟਵਾਰੀ ਨੂੰ ਮਿਲੇ ਹੀ ਕੰਮ ਕਰਵਾ ਸਕਦੇ ਹਨ। ਆਨਲਾਈਨ ਜਮਾਂਬੰਦੀ ਦੀ ਕਾਪੀ ਡਿਜ਼ੀਟਲ ਹਸਤਾਖ਼ਰ ਅਤੇ ਕਿਊ.ਆਰ ਕੋਡ ਸਮੇਤ ਉਪਲਬੱਧ ਹੋਵੇਗੀ। ਇਹ ਫਰਦ ਦੀ ਸਾਰੀਆਂ ਥਾਵਾਂ ‘ਤੇ ਮਾਨਤਾ ਹੋਵੇਗੀ ਅਤੇ ਇਸ ਸਬੰਧ ਵਿਚ ਸਰਕਾਰ ਨੇ ਸਾਰੀਆਂ ਸੰਸਥਾਵਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।ਇਸਨੂੰ ਸਕੈਨ ਕਰਕੇ ਰਜਿਸਟਰੀ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਰਜਿਸਟਰੀ ਲਈ ਮੈਨੂਅਲ ਫਰਦ ਦੀ ਲੋਡ਼ ਨਹੀਂ ਰਵੇਗੀ।
ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਨਵੀਂ ਰਜਿਸਟਰੀ ਹੋਣ ’ਤੇ ਇੰਤਕਾਲ ਆਪਣੇ ਆਪ ਹੀ 30 ਦਿਨ ਦੇ ਅੰਦਰ ਹੋ ਜਾਵੇਗਾ। ਵਿਰਾਸਤ ਦੇ ਇੰਤਕਾਲ ਅਤੇ ਪੁਰਾਣੀ ਰਜਿਸਟਰੀ, ਜਿਸ ਦਾ ਇੰਤਕਾਲ ਦਰਜ ਨਾ ਹੋਇਆ ਹੋਵੇ, ਉਸ ਲਈ ਵੀ ਆਨਲਾਈਨ ਅਰਜ਼ੀ ਦੇ ਸਕਦੇ ਹਨ। ਪੂਰੀ ਪ੍ਰਕਿਰਿਆ ਦੀ ਜਾਣਕਾਰੀ ਵਟਸਅਪ ਅਤੇ ਪੋਰਟਲ ’ਤੇ ਸੂਚੀਬੱਧ ਢੰਗ ਨਾਲ ਦਿੱਤੀ ਜਾਵੇਗੀ।
ਰਪਟ ਐਂਟਰੀ ਜਿਵੇਂ ਕਿ ਅਦਾਲਤ ਦੇ ਹੁਕਮ ਜਾਂ ਕਰਜੇ ਨਾਲ ਸਬੰਧਤ ਐਂਟਰੀਆਂ ਲਈ ਵੀ ਡਿਜੀਟਲ ਰੂਪ ਨਾਲ ਅਪਲਾਈ ਕੀਤੀ ਜਾ ਸਕਦੀ ਹੈ। ਉਥੇ, ਜਮਾਂਬੰਦੀ ਵਿਚ ਨਾਮ, ਰਕਬਾ ਜਾਂ ਹੋਰ ਤਰੁੱਟੀਆਂ ਨੂੰ ਸੁਧਾਰਨ ਲਈ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਜ਼ਰੂਰੀ ਦਸਤਾਵੇਜ ਦੇ ਨਾਲ ਸਾਧਾਰਣ ਫਾਰਮ ਆਨਲਾਈਨ ਭਰ ਕੇ 15 ਦਿਨ ਵਿਚ ਕਾਰਵਾਈ ਪੂਰੀ ਹੋ ਜਾਵੇਗੀ। ਸਾਰੀਆਂ ਸੇਵਾਵਾਂ ਦੀ ਫੀਸ ਵੀ ਆਨਲਾਈਨ ਅਦਾ ਕੀਤੀ ਜਾਵੇਗੀ।
ਜ਼ਮੀਨ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਇਹ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕੀਤੀ ਹੈ। ਪ੍ਰਤੀ ਖੇਵਟ 500 ਰੁਪਏ ਸਾਲਾਨਾ ਫੀਸ ਦੇ ਕੇ ਮਾਲਿਕ ਆਪਣੇ ਰਿਕਾਰਡ ਨੂੰ ਸਬਸਕਰਾਈਬ ਕਰ ਸਕਦੇ ਹਨ। ਰਿਕਾਰਡ ਵਿਚ ਕਿਸੇ ਵੀ ਬਦਲਾਅ ਦੀ ਕੋਸ਼ਿਸ਼ ’ਤੇ ਵੱਟਸਐਪ ਜਾਂ ਈਮੇਲ ਤੋਂ ਤੁਰੰਤ ਅਲਰਟ ਮਿਲੇਗਾ ਅਤੇ ਆਨਲਾਈਨ ਰੁਕਾਵਟ ਦਰਜ ਕਰਵਾਈ ਜਾ ਸਕੇਗੀ, ਜੋ ਸਿੱਧੇ ਸਬੰਧਤ ਮਾਲ ਅਧਿਕਾਰੀ ਤੱਕ ਪਹੁੰਚੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ easyjamabandi.punjab.gov.in ’ਤੇ ਕਲਿੱਕ ਵਿਚ ਇਹ ਸੇਵਾਵਾਂ ਉਪਲਬੱਧ ਹਨ। ਇਸ ਨਾਲ ਪ੍ਰਸ਼ਾਸਨ ਦਾ ਉਦੇਸ਼ ਹੈ ਕਿ ਨਾਗਰਿਕਾਂ ਨੂੰ ਪਾਰਦਰਸ਼ੀ, ਤੇਜ ਅਤੇ ਆਸਾਨ ਸੇਵਾਵਾਂ ਘਰ ਬੈਠੇ ਉਪਲਬੱਧ ਕਰਾਈ ਜਾਵੇ।
